ਭਾਜਪਾ ਨਾ ਰਾਖਵਾਂਕਰਨ ਖ਼ਤਮ ਕਰੇਗੀ, ਨਾ ਕਿਸੇ ਨੂੰ ਕਰਨ ਦੇਵੇਗੀ : ਸ਼ਾਹ
'ਰਾਖਵਾਂਕਰਨ ਨੀਤੀ ਨੂੰ ਕੋਈ ਵੀ ਬਦਲਣ ਦੀ ਹਿੰਮਤ ਨਹੀਂ ਕਰ ਸਕਦਾ ਜਿਵੇਂ ਸੰਵਿਧਾਨ ਵਿਚ ਬੀ ਆਰ ਅੰਬੇਦਕਰ ਨੇ ਤੈਅ ਕੀਤਾ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਸਿਖਿਆ ਅਤੇ ਨੌਕਰੀਆਂ ਵਿਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਤਬਕਿਆਂ ਲਈ ਰਾਖਵਾਂਕਰਨ ਦੀ ਨੀਤੀ ਨੂੰ ਨਾ ਤਾਂ ਰੱਦ ਕਰੇਗੀ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਵੇਗੀ। ਉੜੀਸਾ ਦੇ ਇਸ ਸ਼ਹਿਰ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, 'ਰਾਖਵਾਂਕਰਨ ਨੀਤੀ ਨੂੰ ਕੋਈ ਵੀ ਬਦਲਣ ਦੀ ਹਿੰਮਤ ਨਹੀਂ ਕਰ ਸਕਦਾ ਜਿਵੇਂ ਸੰਵਿਧਾਨ ਵਿਚ ਬੀ ਆਰ ਅੰਬੇਦਕਰ ਨੇ ਤੈਅ ਕੀਤਾ ਹੈ।' ਉਨ੍ਹਾਂ ਕਿਹਾ, 'ਬੰਦ ਦਾ ਸੱਦਾ ਕਿਉਂ ਦਿਤਾ ਗਿਆ ਜਦ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿਤਾ ਸੀ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁਧ ਸਰਕਾਰ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰੇਗੀ।
ਬੰਦ ਦੌਰਾਨ ਦਸ ਜਣੇ ਮਾਰੇ ਗਏ। ਕਾਂਗਰਸ ਅਤੇ ਦੂਜੀਆਂ ਵਿਰੋਧੀ ਧਿਰਾਂ ਇਨ੍ਹਾਂ ਦਸ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਹਨ।' ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਭਾਜਪਾ ਦੇ ਰਾਖਵਾਂਕਰਨ ਵਾਪਸ ਲੈਣ ਸਬੰਧੀ ਕਾਂਗਰਸ ਵਿਰੁਧ ਕੂੜਪ੍ਰਚਾਰ ਕਰਨ ਦਾ ਦੋਸ਼ ਲਾਉਂਦਿਆਂ ਸ਼ਾਹ ਨੇ ਕਿਹਾ, 'ਮੈਂ ਇਸ ਰੈਲੀ ਵਿਚ ਏਨੇ ਲੋਕਾਂ ਦੀ ਮੌਜੂਦਗੀ ਵਿਚ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਭਾਜਪਾ ਸਰਕਾਰ ਰਾਖਵਾਂਕਰਨ ਵਾਪਸ ਨਹੀਂ ਲੈ ਰਹੀ ਅਤੇ ਨਾ ਹੀ ਉਹ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਦੇਵੇਗੀ।' (ਏਜੰਸੀ)