ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਸਾਹਮਣੇ ਆਏ ਇਕ ਲੱਖ ਤੋਂ ਵੱਧ ਮਾਮਲੇ
7,91,05,163 ਲੋਕਾਂ ਨੂੰ ਲਗਾਏ ਜਾ ਚੁੱਕੇ ਹਨ ਕੋਰੋਨਾ ਟੀਕੇ
ਨਵੀਂ ਦਿੱਲੀ : ਭਾਰਤ ’ਚ ਸੋਮਵਾਰ ਨੂੰ ਕੋਵਿਡ 19 ਦੇ 1,03,558 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਲਗਭਗ ਸਾਡੇ 6 ਮਹੀਨੇ ’ਚ ਲਾਗ ਦੇ ਇਕ ਦਿਨ ਵਿਚ ਆਏ ਸੱਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ ’ਚ ਲਾਗ ਦੇ ਮਾਮਲੇ ਵੱਧ ਕੇ 1,25,89,067 ਕਰੋੜ ਹੋ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
ਇਕ ਦਿਨ ’ਚ ਇਸ ਮਹਾਂਮਾਰੀ ਕਾਰਨ 478 ਲੋਕਾਂ ਦੀ ਮੌਤ ਹੋ ਜਾਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,65,101 ਹੋ ਗਈ ਹੈ। ਹੁਣ ਵੀ 7,41,830 ਲੋਕ ਇਸ ਬਿਮਾਰੀ ਦਾ ਇਲਾਜ ਕਰਵਾ ਰਹੇ ਹਨ। ਦੇਸ਼ ’ਚ ਇਲਾਜ ਕਰਾ ਰਹੇ ਪੀੜਤਾਂ ਦੀ ਸੱਭ ਤੋਂ ਘੱਟ ਗਿਣਤੀ 12 ਫ਼ਰਵਰੀ ਨੂੰ ਸੀ ਜਦ 1,35,926 ਲੋਕ ਇਲਾਜ ਅਧੀਨ ਸਨ ਅਤੇ ਇਹ ਲਾਗ ਦੇ ਕੁਲ ਮਾਮਲਿਆਂ ਦਾ 1.25 ਫੀਸਦੀ ਸੀ।
ਸਹਿਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਬਿਮਾਰੀ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 1,16,82,136 ਹੋ ਗਈ ਹੈ। ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਦੇਸ਼ ਵਿਚ 16 ਜਨਵਰੀ ਨੂੰ ਸ਼ੁਰੂ ਹੋਈ ਸੀ। ਦੇਸ਼ ਭਰ ਵਿਚ 7,91,05,163 ਲੋਕਾਂ ਨੂੰ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ। ਟੀਕਾਕਰਨ ਦਾ ਦੂਜਾ ਪੜਾਅ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ।
ਪੰਜਾਬ ਵਿਚ ਕੋਰੋਨਾ ਦਾ ਕਹਿਰ ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਪਹਿਲਾਂ ਤੋਂ ਕਾਫ਼ੀ ਕਮੀ ਦੇਖੀ ਜਾ ਰਹੀ ਸੀ ਪਰ ਹੁਣ ਇਕ ਵਾਰ ਫਿਰ ਕੇਸ ਵਧਦੇ ਹੋਏ ਦਿਖਾਈ ਦੇ ਰਹੇ ਹਨ। ਅੱਜ ਸੂਬੇ ’ਚ ਕੋਰੋਨਾ ਦੇ 3019 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 51 ਦੀ ਕੋਰੋਨਾ ਕਾਰਨ ਮੌਤ ਹੋਈ ਹੈ। ਹੁਣ ਤਕ ਸੂਬੇ ’ਚ 251460 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦਕਿ ਇਨ੍ਹਾਂ ’ਚੋਂ 7083 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਸੂਬੇ ’ਚ ਕੁਲ 36771 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਜਿਨ੍ਹਾਂ ’ਚੋਂ 3019 ਲੋਕ ਪਾਜ਼ੇਟਿਵ ਪਾਏ ਗਏ ਹਨ। ਅੱਜ ਲੁਧਿਆਣਾ ’ਚ 446, ਜਲੰਧਰ 387, ਪਟਿਆਲਾ 213, ਐਸ. ਏ. ਐਸ. ਨਗਰ 329, ਅੰਮ੍ਰਿਤਸਰ 271, ਗੁਰਦਾਸਪੁਰ 104, ਬਠਿੰਡਾ 166, ਹੁਸ਼ਿਆਰਪੁਰ 172, ਫ਼ਿਰੋਜ਼ਪੁਰ 85, ਪਠਾਨਕੋਟ 56, ਸੰਗਰੂਰ 57, ਕਪੂਰਥਲਾ 135, ਫ਼ਰੀਦਕੋਟ 152, ਸ੍ਰੀ ਮੁਕਤਸਰ ਸਾਹਿਬ 61, ਫ਼ਾਜ਼ਿਲਕਾ 25, ਮੋਗਾ 69, ਰੋਪੜ 136, ਫ਼ਤਿਹਗੜ੍ਹ ਸਾਹਿਬ 31, ਬਰਨਾਲਾ 21, ਤਰਨਤਾਰਨ 47, ਐਸ. ਬੀ. ਐਸ. ਨਗਰ 35 ਅਤੇ ਮਾਨਸਾ ਤੋਂ 21 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉੱਥੇ ਹੀ ਸੂਬੇ ’ਚ ਅੱਜ 51 ਦੀ ਕੋਰੋਨਾ ਕਾਰਣ ਮੌਤ ਹੋਈ ਹੈ ਜਿਸ ’ਚ ਅੰਮ੍ਰਿਤਸਰ 10, ਬਠਿੰਡਾ 1, ਗੁਰਦਾਸਪੁਰ 7, ਹੁਸ਼ਿਆਰਪੁਰ 7, ਜਲੰਧਰ 7, ਲੁਧਿਆਣਾ 7, ਐਸ.ਏ.ਐਸ ਨਗਰ 3, ਪਟਿਆਲਾ 3, ਰੋਪੜ 4 ਅਤੇ ਤਰਨਤਾਰਨ ’ਚ 2 ਦੀ ਕੋਰੋਨਾ ਕਾਰਨ ਮੌਤ ਹੋਈ ਹੈ।