ਉੱਤਰਾਖੰਡ ਫਾਇਰ: ਅੱਗ ਬਝਾਉਣ ਲਈ ਪਹੁੰਚੇ ਦੋ ਹੈਲੀਕਾਪਟਰ, NDRF ਦੀ ਟੀਮ ਵੀ ਤੈਨਾਤ
ਜੰਗਲ ਦੀ ਅੱਗ ਹੌਲੀ-ਹੌਲੀ ਆਬਾਦੀ ਵਾਲੇ ਖੇਤਰਾਂ ਵਿਚ ਵੀ ਪਹੁੰਚ ਰਹੀ ਹੈ।
ਦੇਹਰਾਦੂਨ - ਉਤਰਾਖੰਡ ਦੇ ਜੰਗਲਾਂ ਵਿਚ ਲੱਗੀ ਅੱਗ ਘੱਟ ਹੋਣ ਦੀ ਬਜਾਏ ਭਿਆਨਕ ਰੂਪ ਧਾਰਨ ਕਰ ਰਹੀ ਹੈ। ਇਸ ਨਾਲ ਸਰਕਾਰ ਦੇ ਨਾਲ-ਨਾਲ ਜੰਗਲਾਤ ਖੇਤਰ ਵਿਚ ਵਸਦੇ ਲੋਕਾਂ ਦੀ ਚਿੰਤਾ ਵਧੀ ਹੈ। ਹੁਣ ਜੰਗਲ ਦੀ ਅੱਗ ਹੌਲੀ-ਹੌਲੀ ਆਬਾਦੀ ਵਾਲੇ ਖੇਤਰਾਂ ਵਿਚ ਵੀ ਪਹੁੰਚ ਰਹੀ ਹੈ। ਐਨਡੀਆਰਐਫ ਦੀ ਤੈਨਾਤੀ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ। ਨਾਲ ਹੀ ਜੰਗਲਾਤ ਵਿਭਾਗ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਅਜਿਹੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਅੱਗ ਬੁਝਾਉਣ ਲਈ ਦੋ ਹੈਲੀਕਾਪਟਰ ਉੱਤਰਾਖੰਡ ਪਹੁੰਚ ਗਏ ਹਨ।
ਹੈਲੀਕਾਪਟਰਾਂ ਦਾ ਇਸਤੇਮਾਲ ਅੱਗ ਬੁਝਾਉਣ ਲਈ ਕੀਤਾ ਜਾਵੇਗਾ। ਇਸ ਦੇ ਲਈ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ। ਗੜ੍ਹਵਾਲ ਵਿਚ ਆਈਐਫਐਸ ਧਰਮ ਸਿੰਘ ਮੀਨਾ ਅਤੇ ਕੁਮਾਉਂ ਵਿਚ ਆਈਐਫਐਸ ਟੀਆਰ ਬੀਜੂਲਾਲ ਇਸ ਆਪ੍ਰੇਸ਼ਨ ਦੇ ਨੋਡਲ ਅਧਿਕਾਰੀ ਹੋਣਗੇ। ਦੱਸ ਦਈਏ ਕਿ ਉੱਤਰਾਖੰਡ ਵਿਚ 40 ਥਾਵਾਂ 'ਤੇ ਅੱਗ ਲੱਗੀ ਹੋਈ ਹੈ। ਚੌਵੀ ਘੰਟਿਆਂ ਵਿਚ, 63 ਹੈਕਟੇਅਰ ਜੰਗਲ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ 12 ਹਜ਼ਾਰ ਕਰਮਚਾਰੀ ਅੱਗ ਬੁਝਾਉਣ ਲਈ ਕੰਮ ਕਰ ਰਹੇ ਹਨ।
'
ਫਾਇਰ ਵਾਟਰਜ਼' ਨੂੰ 24 ਘੰਟੇ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਪੰਚਾਇਤ ਪੱਧਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਤੋਂ ਸੁੱਕੀਆਂ ਲੱਕੜਾਂ ਹਟਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਮਹਾਂਕੁੰਭ ਮੇਲਾ ਖੇਤਰ ਦੇ ਬੈਰਾਗੀ ਕੈਂਪ ਵਿਚ ਕਈ ਝੌਪੜੀਆਂ ਸੁਆਹ ਹੋ ਗਈਆਂ। ਪੁਲਿਸ ਨੇ ਦੱਸਿਆ ਕਿ ਹਵਾ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਬਜਰੀ ਵਾਲਾ ਬਸਤੀ ਵਿਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਲੱਗੀਆਂ ਹੋਈਆਂ ਹਨ।