Gang Rape Victim : ਗੈਂਗਰੇਪ ਪੀੜਤਾ ਦਾ ਸਕੂਲ ਨੇ ਕੱਟਿਆ ਨਾਂਅ ,ਨਹੀਂ ਦੇ ਸਕੀ ਬੋਰਡ ਦੀ ਪ੍ਰੀਖਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਦੋਂ ਗੈਂਗਰੇਪ ਪੀੜਤਾ ਸਕੂਲ ਗਈ ਤਾਂ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਸ ਦੇ ਸਕੂਲ ਆਉਣ ਨਾਲ ਮਾਹੌਲ ਖ਼ਰਾਬ ਹੋਵੇਗਾ

Gang Rape Victim

Gang Rape Victim : ਰਾਜਸਥਾਨ ਦੇ ਅਜਮੇਰ 'ਚ ਸਕੂਲ ਪ੍ਰਸ਼ਾਸਨ ਵੱਲੋਂ ਨਾਬਾਲਗ ਗੈਂਗਰੇਪ ਪੀੜਤਾ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨਾਬਾਲਗ ਰੇਪ ਪੀੜਤਾ ਨਾਲ ਅਕਤੂਬਰ ਮਹੀਨੇ ਸਮੂਹਿਕ ਬਲਾਤਕਾਰ ਹੋਇਆ ਸੀ। ਕੁਝ ਸਮੇਂ ਬਾਅਦ ਜਦੋਂ ਉਹ ਸਕੂਲ ਗਈ ਤਾਂ ਸਕੂਲ ਪ੍ਰਸ਼ਾਸਨ ਨੇ ਉਸ ਨੂੰ ਇਹ ਕਹਿ ਕੇ ਵਾਪਸ ਘਰ ਭੇਜ ਦਿੱਤਾ ਕਿ ਉਸ ਦੇ ਸਕੂਲ ਆਉਣ ਨਾਲ ਮਾਹੌਲ ਖ਼ਰਾਬ ਹੋਵੇਗਾ ,ਇਸ ਲਈ ਦਸੰਬਰ ਵਿੱਚ ਸਕੂਲ ਆਉਣਾ।

 

ਜਦੋਂ ਦਸੰਬਰ ਵਿਚ ਪੀੜਤਾ ਸਕੂਲ ਪਹੁੰਚੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦਾ ਨਾਂ ਕੱਟਿਆ ਗਿਆ ਹੈ। ਇਸ ਤੋਂ ਬਾਅਦ ਉਸ ਨੂੰ ਬੋਰਡ ਦੀ ਪ੍ਰੀਖਿਆ ਵਿਚ ਬੈਠਣ ਲਈ ਐਡਮਿਟ ਕਾਰਡ ਵੀ ਨਹੀਂ ਦਿੱਤਾ ਗਿਆ। ਆਪਣੇ ਨਾਲ ਹੋਈ ਇਸ ਦੋਹਰੀ ਬੇਇਨਸਾਫ਼ੀ ਤੋਂ ਦੁਖੀ ਪੀੜਤਾ ਨੇ ਇਸ ਸਬੰਧੀ ਬਾਲ ਭਲਾਈ ਕਮੇਟੀ ਨੂੰ ਪੱਤਰ ਲਿਖਿਆ, ਜਿਸ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ।

 

ਦੱਸਣਯੋਗ ਹੈ ਕਿ ਪੀੜਤਾ ਨਾਲ ਪਿਛਲੇ ਸਾਲ ਅਕਤੂਬਰ 'ਚ ਸਮੂਹਿਕ ਬਲਾਤਕਾਰ ਹੋਇਆ ਸੀ। ਇਸ ਤੋਂ ਬਾਅਦ ਗੂਗਲ ਥਾਣੇ 'ਚ ਮਾਮਲਾ ਵੀ ਦਰਜ ਕੀਤਾ ਗਿਆ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਭਲਾਈ ਕਮੇਟੀ ਦੀ ਚੇਅਰਪਰਸਨ ਅੰਜਲੀ ਸ਼ਰਮਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਜਦੋਂ ਪੀੜਤ ਲੜਕੀ ਰੈਗੂਲਰ ਪੜ੍ਹਾਈ ਲਈ ਸਕੂਲ ਪਹੁੰਚੀ ਤਾਂ ਉੱਥੇ ਮੌਜੂਦ ਅਧਿਆਪਕਾਂ ਨੇ ਉਸ ਨੂੰ ਇਹ ਕਹਿ ਕੇ ਸਕੂਲ ਆਉਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੇ ਸਕੂਲ ਆਉਣ ਨਾਲ ਮਾਹੌਲ ਖਰਾਬ ਹੋਵੇਗਾ। 

 

ਫਿਰ ਸਕੂਲ ਵੱਲੋਂ ਕਿਹਾ ਗਿਆ ਕਿ ਉਹ ਹੁਣੇ ਸਕੂਲ ਨਾ ਆਇਆ ਤਾਂ ਚੰਗਾ ਹੋਵੇਗਾ। ਉਸ ਨੂੰ ਪ੍ਰੀਖਿਆ ਦੇ ਸਮੇਂ ਬੁਲਾਇਆ ਜਾਵੇਗਾ। 4 ਮਹੀਨਿਆਂ ਬਾਅਦ ਜਦੋਂ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਵਾਲੀਆਂ ਸਨ ਤਾਂ ਪੀੜਤ ਲੜਕੀ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਬੋਰਡ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਵੀ ਨਹੀਂ ਦਿੱਤਾ ਗਿਆ।

 

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਲ ਭਲਾਈ ਕਮੇਟੀ ਦੀ ਚੇਅਰਮੈਨ ਅੰਜਲੀ ਸ਼ਰਮਾ ਨੇ ਤੁਰੰਤ ਮਾਮਲੇ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਲਿਖ ਕੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਪੀੜਤ ਵਿਦਿਆਰਥਣ ਦਾ ਅਕਾਦਮਿਕ ਸੈਸ਼ਨ ਖਰਾਬ ਨਾ ਹੋਵੇ।

 

ਪੱਤਰ ਦੀ ਇੱਕ ਕਾਪੀ ਜ਼ਿਲ੍ਹਾ ਕੁਲੈਕਟਰ ਨੂੰ ਵੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਬਾਲ ਭਲਾਈ ਕਮੇਟੀ ਵੱਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਪੀੜਤ ਨੂੰ ਕਾਨੂੰਨੀ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਭਾਵੇਂ ਬੋਰਡ ਦੀਆਂ ਪ੍ਰੀਖਿਆਵਾਂ ਖ਼ਤਮ ਹੋ ਚੁੱਕੀਆਂ ਹਨ, ਪਰ ਬਾਲ ਭਲਾਈ ਕਮੇਟੀ ਪੀੜਤ ਨੂੰ ਬੋਰਡ ਦੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੌਰਾਨ ਹਾਜ਼ਰ ਹੋਣ ਦੇਣ ਲਈ ਯਤਨ ਕਰ ਰਹੀ ਹੈ।