ਜੰਮੂ-ਕਸ਼ਮੀਰ ਮੁਠਭੇੜ 'ਚ ਫ਼ੌਜ ਨੇ ਤਿੰਨ ਅਤਿਵਾਦੀ ਕੀਤੇ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀਨਗਰ ਦੇ ਬਾਹਰੀ ਇਲਾਕੇ ਵਿਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਵਿਚ ਤਿੰਨ ਅਤਿਵਾਦੀ ਮਾਰੇ ਗਏ।

army killed three terrorists In Jammu and Kashmir

- ਮੁਠਭੇੜ ਸਥਾਨ ਨੇੜੇ ਹਾਦਸੇ 'ਚ ਇਕ ਆਮ ਨਾਗਰਿਕ ਦੀ ਮੌਤ - - ਪ੍ਰਦਰਸ਼ਨਕਾਰੀਆਂ ਤੇ ਸੁਰੱਖਿਆ ਬਲਾਂ 'ਚ ਹੋਈਆਂ ਝੜਪਾਂ

ਸ੍ਰੀਨਗਰ : ਸ੍ਰੀਨਗਰ ਦੇ ਬਾਹਰੀ ਇਲਾਕੇ ਵਿਚ ਸਨਿਚਰਵਾਰ ਨੂੰ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਮੁਠਭੇੜ ਵਿਚ ਤਿੰਨ ਅਤਿਵਾਦੀ ਮਾਰੇ ਗਏ। ਪੁਲਿਸ ਨੇ ਦਸਿਆ ਕਿ ਤਿੰਨੇ ਅਤਿਵਾਦੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਇਸ ਦੌਰਾਨ ਮੁਠਭੇੜ ਸਥਾਨ ਨੇੜੇ ਇਕ ਹਾਦਸੇ ਵਿਚ ਇਕ ਆਮ ਵਿਅਕਤੀ ਦੀ ਮੌਤ ਹੋ ਗਈ, ਉਸ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਇਕ ਵਾਹਨ ਨੇ ਟੱਕਰ ਮਾਰ ਦਿਤੀ ਸੀ। 

ਮੁਠਭੇੜ ਸਥਾਨ ਨੇੜੇ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਛੋਟੀਆਂ-ਮੋਟੀਆਂ ਝੜਪਾਂ ਹੋਣ ਦੀਆਂ ਖ਼ਬਰਾਂ ਵੀ ਹਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਖਦੇੜ ਦਿਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਭਾਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ। ਸਫਾਕਦਲ ਦੇ ਤਬੇਲਾ ਛੱਤਾਬਲ ਵਿਚ ਇਹ ਤਿੰਨੇ ਅਤਿਵਾਦੀ ਮਾਰੇ ਗਏ ਹਨ। 

ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਸ ਦੌਰਾਨ ਸੀਆਰਪੀਐਫ਼ ਦੇ ਇਕ ਅਧਿਕਾਰੀ ਨੂੰ ਵੀ ਗੋਲੀ ਲੱਗੀ ਹੈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਆਦਿਲ ਅਹਿਮਦ ਯਾਦੂ ਨਾਂਅ ਦੇ ਵਿਅਕਤੀ ਨੂੰ ਐਸਐਮਐਚਐਸ ਹਸਪਤਾਲ ਲਿਆਂਦਾ ਗਿਆ ਸੀ, ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ। 

ਮੈਡੀਕਲ ਬੁਲੇਟਿਨ ਅਨੁਸਾਰ ਵਿਅਕਤੀ ਦੀ ਮੌਤ ਨੂਰਬਾਗ਼ ਵਿਚ ਸੜਕ ਦੁਰਘਟਨਾ ਵਿਚ ਲੱਗੀ ਸੱਟ ਕਾਰਨ ਹੋਈ ਹੈ। ਲੋਕਾਂ ਨੂੰ ਅਫ਼ਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਯਾਦੂ ਦੀ ਮੌਤ ਕਥਿਤ ਤੌਰ 'ਤੇ ਸੁਰੱਖਿਆ ਬਲਾਂ ਦੀ ਗੋਲੀ ਵੱਜਣ ਨਾਲ ਹੋਈ ਹੈ। ਸਫਾਕਦਲ ਦੇ ਤਬੇਲਾ ਛੱਤਾਬਲ ਵਿਚ ਅਤਿਵਾਦੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਥੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ।

ਅਧਿਕਾਰੀ ਨੇ ਦਸਿਆ ਕਿ ਉਥੇ ਲੁਕੇ ਅਤਿਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ ਤੋਂ ਮੁਠਭੇੜ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਨੇ ਵੀ ਜਵਾਬੀ ਗੋਲੀਬਾਰੀ ਕੀਤੀ। ਇਕ ਹੋਰ ਅਧਿਕਾਰੀ ਨੇ ਦਸਿਆ ਕਿ ਮੁਠਭੇੜ ਦੇ ਬਾਅਦ ਤੋਂ ਹੀ ਸ੍ਰੀਨਗਰ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿਤੀਆਂ ਗਈਆਂ ਹਨ।