ਝਾਰਖੰਡ 'ਚ ਨਾਬਾਲਗ ਨੂੰ ਸਮੂਹਕ ਬਲਾਤਕਾਰ ਤੋਂ ਬਾਅਦ ਜਿੰਦਾ ਸਾੜਿਆ, ਸਰਪੰਚ ਸਮੇਤ ਦੋ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਇਟਖ਼ੋਰੀ ਥਾਨ ਇਲਾਕੇ ਦੇ ਰਾਜਾ ਕੇਂਦੁਆ ਪਿੰਡ ਵਿਚ ਬਲਾਤਕਾਰ ਤੋਂ ਬਾਅਦ ਨਾਬਾਲਗ ਨੂੰ ਅੱਗ ਲਗਾ ਕੇ...

police arrests two person in rape case of chatra jharkhand

ਚਤਰਾ (ਝਾਰਖੰਡ) : ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਇਟਖ਼ੋਰੀ ਥਾਨ ਇਲਾਕੇ ਦੇ ਰਾਜਾ ਕੇਂਦੁਆ ਪਿੰਡ ਵਿਚ ਬਲਾਤਕਾਰ ਤੋਂ ਬਾਅਦ ਨਾਬਾਲਗ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ ਵਿਚ ਪੁਲਿਸ ਨੇ ਪੰਚਾਇਤ ਕਰਨ ਵਾਲੀ ਸਰਪੰਚ ਤਿਲੇਸ਼ਵਰੀ ਦੇਵੀ ਸਮੇਤ ਘਟਨਾ ਵਿਚ ਸ਼ਾਮਲ ਇਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਘਟਨਾ ਵਿਚ ਸ਼ਾਮਲ ਹੋਰ ਸ਼ੱਕੀਆਂ, ਦੋਸ਼ੀਆਂ ਅਤੇ ਪੰਚਾਇਤ ਨੁਮਾਇੰਦਿਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਾਰੇ ਸੰਭਾਵਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। 

ਜ਼ਿਲ੍ਹਾ ਅਧਿਕਾਰੀ ਜਿਤੇਂਦਰ ਕੁਮਾਰ ਸਿੰਘ ਨੇ ਭਰੋਸਾ ਦਿਤਾ ਹੈ ਕਿ ਅਪਰਾਧੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੀੜਤ ਪਰਵਾਰ ਨੂੰ ਹਰ ਹਾਲ ਵਿਚ ਇਨਸਾਫ਼ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਟੀਮ ਗਠਿਤ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਮੁੱਖ ਦਫ਼ਤਰ ਦੇ ਨਿਰਦੇਸ਼ 'ਤੇ ਰਾਜਾ ਕੇਂਦੁਆ ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ। 

ਇੰਨਾ ਹੀ ਨਹੀਂ, ਪਿੰਡ ਵਿਚ ਐਸਪੀ ਅਖਿਲੇਸ਼ ਬੀ ਵਾਰੀਅਰ, ਐਸਡੀਉ ਰਾਜੀਵ ਕੁਮਾਰ, ਡੀਐਸਪੀ ਮੁੱਖ ਦਫ਼ਤਰ ਪਿਤਾਂਬਰ ਸਿੰਘ ਖੈਰਵਾਰ ਅਤੇ ਐਸਡੀਪੀਉ ਸਿਮਰੀਆ ਪ੍ਰਦੀਪ ਕੱਛਪ ਸਮੇਤ ਹੋਰ ਪੁਲਿਸ ਅਧਿਕਾਰੀ ਅਤੇ ਪ੍ਰਸ਼ਾਸਨਕ ਅਧਿਕਾਰੀ ਮੌਜੂਦ ਹਨ। ਉੱਚ ਪੁਲਿਸ ਅਧਿਕਾਰੀ ਪਿੰਡ ਵਿਚ ਹਰ ਸ਼ੱਕੀ 'ਤੇ ਨਜ਼ਰ ਰੱਖ ਰਹੇ ਹਨ। ਇਧਰ ਘਟਨਾ ਤੋਂ ਬਾਅਦ ਸਾਰੇ ਦੋਸ਼ੀ ਪਿੰਡ ਛੱਡ ਕੇ ਫ਼ਰਾਰ ਹਨ।

ਜਾਣਕਾਰੀ ਮੁਤਾਬਕ ਪਿੰਡ ਦੀ ਇਕ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਕੁੱਝ ਲੋਕਾਂ ਨੇ ਕਥਿਤ ਰੂਪ ਨਾਲ ਗੈਂਗਰੇਪ ਕੀਤਾ। ਇਸ ਦੇ ਵਿਰੋਧ ਵਿਚ ਜਦ ਪੰਚਾਇਤ ਬੁਲਾਈ ਗਈ ਤਾਂ ਖ਼ੁਦ ਨੂੰ ਅਪਮਾਨਤ ਮਹਿਸੂਸ ਕਰਦੇ ਹੋਏ ਉਨ੍ਹਾਂ ਮੁਲਜ਼ਮਾਂ ਨੇ ਘਰ ਵਿਚ ਦਾਖ਼ਲ ਹੋ ਕੇ ਦਿਨ ਦਿਹਾੜੇ ਪੀੜਤ ਦੀ ਜਲਾ ਕੇ ਹੱਤਿਆ ਕਰ ਦਿਤੀ।  ਇਸ ਨਾਲ ਵੀ ਉਨ੍ਹਾਂ ਦਾ ਦਿਲ ਨਹੀਂ ਭਰਿਆ ਤਾਂ ਉਨ੍ਹਾਂ ਨੇ ਪੀੜਤਾ ਦੇ ਪਿਤਾ ਅਤੇ ਮਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਪੁੱਜੀ ਪੁਲਿਸ ਨੇ ਲੜਕੀ ਦੀ ਅਧਸੜੀ ਲਾਸ਼ ਬਰਾਮਦ ਕੀਤੀ ਅਤੇ ਕਾਰਵਾਈ ਸ਼ੁਰੂ ਕੀਤੀ।