ਅਪਣੇ ਦਾਗ਼ੀ ਉਮੀਦਵਾਰਾਂ ਬਾਰੇ ਕਦੋਂ ਬੋਲਣਗੇ ਪ੍ਰਧਾਨ ਮੰਤਰੀ : ਰਾਹੁਲ
ਕਰਨਾਟਕ ਵਿਚ ਉਮੀਦਵਾਰਾਂ ਬਾਰੇ ਤੁਹਾਡੀ ਚੋਣ ਕਰਨ ਦਾ ਤਰੀਕਾ ਪੇਸ਼ ਹੈ। ਇਹ ਕਰਨਾਟਕ ਦੇ 'ਮੋਸਟ ਵਾਂਟੇਡ' ਲੋਕਾਂ ਦੇ 'ਐਪੀਸੋਡ' ਵਰਗਾ ਲਗਦਾ ਹੈ।''
ਨਵੀਂ ਦਿੱਲੀ, 5 ਮਈ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਰਨਾਟਕ ਵਿਚ ਭ੍ਰਿਸ਼ਟਾਚਾਰ ਅਤੇ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਭਾਜਪਾ ਉਮੀਦਵਾਰਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਵਾਰ ਕਰਦੇ ਹੋਏ ਅੱਜ ਸਵਾਲ ਕੀਤਾ ਕਿ ਕਰਨਾਟਕ ਦੇ ਇਨ੍ਹਾਂ 'ਮੋਸਟ ਵਾਂਟੇਡ' ਲੋਕਾਂ ਬਾਰੇ ਉਹ ਕਦੋਂ ਬੋਲਣਗੇ? ਰਾਹੁਲ ਨੇ ਟਵਿੱਟਰ 'ਤੇ ਇਕ ਵੀਡੀਉ ਪੋਸਟ ਕਰਦੇ ਹੋਏ ਕਿਹਾ, ''ਪਿਆਰੇ ਮੋਦੀ ਜੀ, ਤੁਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹੋ। ਸਮੱਸਿਆ ਇਹ ਹੈ ਕਿ ਤੁਹਾਡੀ ਕਥਨੀ ਅਤੇ ਕਰਨੀ ਵਿਚ ਮੇਲ ਨਹੀਂ ਹੈ। ਕਰਨਾਟਕ ਵਿਚ ਉਮੀਦਵਾਰਾਂ ਬਾਰੇ ਤੁਹਾਡੀ ਚੋਣ ਕਰਨ ਦਾ ਤਰੀਕਾ ਪੇਸ਼ ਹੈ। ਇਹ ਕਰਨਾਟਕ ਦੇ 'ਮੋਸਟ ਵਾਂਟੇਡ' ਲੋਕਾਂ ਦੇ 'ਐਪੀਸੋਡ' ਵਰਗਾ ਲਗਦਾ ਹੈ।''ਰਾਹੁਲ ਵਲੋਂ ਪੋਸਟ ਵੀਡੀਉ ਵਿਚ ਰੈੱਡੀ ਭਰਾਵਾਂ, ਭਾਜਪਾ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬੀ.ਐਸ. ਯੇਦੀਯੁਰੱਪਾ ਸਮੇਤ ਕੁਲ 11 ਆਗੂਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ 'ਤੇ ਭ੍ਰਿਸ਼ਟਾਚਾਰ ਅਤੇ ਅਪਰਾਧ ਦੇ ਮਾਮਲੇ ਦਰਜ ਹਨ। ਇਸ ਵਿਚ ਸਵਾਲ ਕੀਤਾ ਗਿਆ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਲੋਕਾਂ ਨੂੰ ਉਮੀਦਵਾਰ ਬਣਾਏ ਜਾਣ 'ਤੇ ਵੀ ਬੋਲਣਗੇ?
ਦੂਜੇ ਪਾਸੇ ਕਾਂਗਰਸ ਬੁਲਾਰੇ ਪੀ.ਐਲ. ਪੁਨੀਆ ਨੇ ਦਾਅਵਾ ਕੀਤਾ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਰੈਲੀਆਂ ਨਾਲ ਭਾਜਪਾ ਦੀ ਬਜਾਏ ਉਸ ਦਾ (ਕਾਂਗਰਸ ਦਾ) ਗ੍ਰਾਫ਼ ਵੱਧ ਰਿਹਾ ਹੈ ਕਿਉਂਕਿ ਜਨਤਾ ਉਨ੍ਹਾਂ ਦੇ ਜੁਮਲੇਬਾਜ਼ੀ ਤੋਂ ਤੰਗ ਆ ਚੁਕੀ ਹੈ ਅਤੇ ਉਨ੍ਹਾਂ ਦੀ ਗੱਲਾਂ ਉਤੇ ਹੁਣ ਲੋਕਾਂ ਨੂੰ ਭਰੋਸਾ ਨਹੀਂ ਹੁੰਦਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਾਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਕਰਨਾਟਕ ਵਿਚ ਪੰਜ ਰੈਲੀਆਂ ਨੂੰ ਸੰਬੋਧਤ ਕਰਨਗੇ। ਫਿਰ 10 ਅਤੇ 15 ਰੈਲੀਆਂ ਦੀ ਗੱਲ ਹੋਈ। ਹੁਣ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ 21 ਰੈਲੀਆਂ ਹੋਣਗੀਆਂ। ਇਸ ਤੋਂ ਪਤਾ ਚਲਦਾ ਹੈ ਕਿ ਕਰਨਾਟਕ ਵਿਚ ਭਾਜਪਾ ਲੜਖੜਾ ਗਈ ਹੈ। ਉਨ੍ਹਾਂ ਕਿਹਾ ਕਿ ਜਨਤਾ ਮੋਦੀ ਜੀ ਦੀ ਜੁਮਲੇਬਾਜ਼ੀ ਤੋਂ ਤੰਗ ਆ ਚੁਕੀ ਹੈ। ਹੁਣ ਲੋਕਾਂ ਨੂੰ ਉਨ੍ਹਾਂ ਉਤੇ ਵਿਸ਼ਵਾਸ ਨਹੀਂ ਹੁੰਦਾ ਕਿਉਂਕਿ ਉਨ੍ਹਾਂ ਦੀਆਂ ਗੱਲਾਂ ਵਿਚ ਭਾਰ ਨਹੀਂ ਹੈ। ਉਨ੍ਹਾਂ ਦੀਆਂ ਰੈਲੀਆਂ ਨਾਲ ਕਰਨਾਟਕ ਵਿਚ ਕਾਂਗਰਸ ਦਾ ਗਰਾਫ ਵਧਦਾ ਜਾ ਰਿਹਾ ਹੈ। ਪੁਨੀਆ ਨੇ ਦਾਅਵਾ ਕੀਤਾ ਕਿ ਕਰਨਾਟਕ ਤੋਂ ਮਿਲੀ ਜ਼ਮੀਨੀ ਰੀਪੋਰਟ ਤੋਂ ਸਪੱਸ਼ਟ ਹੈ ਕਿ ਸੂਬੇ ਵਿਚ ਭਾਜਪਾ ਮੁਕਾਬਲੇ ਵਿਚ ਕਿਤੇ ਨਹੀਂ ਹੈ। (ਏਜੰਸੀ)