ਰੇਲਵੇ ਤੇਜ਼ ਰਫ਼ਤਾਰ ਵਾਲੇ ਰੇਲ ਮਾਰਗਾਂ ਦੇ ਦੋਵੇਂ ਪਾਸੇ ਬਣਾਏਗੀ ਕੰਧਾਂ
ਭਾਰਤੀ ਰੇਲ ਤਜਵੀਜ਼ਸ਼ੁਦਾ ਤੇਜ਼ ਰਫ਼ਤਾਰ ਦੇ ਰੇਲ ਮਾਰਗਾਂ ਦੇ ਦੋਹੇ ਪਾਸੇ ਕੰਧ ਬਣਾਉਣ ਅਤੇ ਉਨ੍ਹਾਂ 'ਤੇ ਇਸ਼ਤਿਹਾਰਬਾਜ਼ੀ ਰਾਹੀਂ ਕਮਾਈ ਕਰਨ ਦੀ...
ਨਵੀਂ ਦਿੱਲੀ : ਭਾਰਤੀ ਰੇਲ ਤਜਵੀਜ਼ਸ਼ੁਦਾ ਤੇਜ਼ ਰਫ਼ਤਾਰ ਦੇ ਰੇਲ ਮਾਰਗਾਂ ਦੇ ਦੋਹੇ ਪਾਸੇ ਕੰਧ ਬਣਾਉਣ ਅਤੇ ਉਨ੍ਹਾਂ 'ਤੇ ਇਸ਼ਤਿਹਾਰਬਾਜ਼ੀ ਰਾਹੀਂ ਕਮਾਈ ਕਰਨ ਦੀ ਤਜਵੀਜ਼ 'ਤੇ ਵਿਚਾਰ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਇਸ ਦੇ ਪਿਛੇ ਰੇਲਵੇ ਦਾ ਮਕਸਦ ਗ਼ੈਰ ਕਿਰਾਇਆ ਆਮਦਨ ਵਿਚ ਵਾਧਾ ਕਰਨ ਦਾ ਹੈ। ਸੂਤਰਾਂ ਨੇ ਕਿਹਾ ਕਿ ਕੰਧਾਂ ਸੁਰੱਖਿਆ ਦਾ ਕੰਮ ਕਰਨ ਦੇ ਨਾਲ ਕਮਾਈ ਦਾ ਜ਼ਰੀਆ ਵੀ ਬਣ ਸਕਦੀਆਂ ਹਨ।
ਇਸ਼ਤਿਹਾਰਬਾਜ਼ੀ ਨਾਲ ਇਸ ਦੀ ਨਿਰਮਾਣ ਲਾਗਤ ਵਸੂਲਣ ਵਿਚ ਮਦਦ ਮਿਲੇਗੀ। ਰੇਲਵੇ ਅਜਿਹੇ ਠੇਕੇਦਾਰਾਂ ਨਾਲ ਗੱਲਬਾਤ ਕਰ ਰਿਹਾ ਹੈ ਜੋ ਪ੍ਰੀ-ਫੈਬਰੀਕੇਟਡ ਕੰਧਾਂ ਦੀ ਸਪਲਾਈ ਕਰ ਸਕਦੇ ਹਨ। ਉਨ੍ਹਾਂ ਨੂੰ ਇਸ਼ਤਿਹਾਰ ਦੀ ਆਮਦਨ ਵਿਚ ਹਿੱਸੇਦਾਰ ਬਣਾਇਆ ਜਾ ਸਕਦਾ ਹੈ।
ਯੋਜਨਾ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਦਿੱਲੀ-ਮੁੰਬਈ ਤੇਜ਼ ਰਫ਼ਤਾਰ ਗਲਿਆਰੇ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਇਸ 'ਤੇ ਸੁਰੱਖਿਆ ਦੇ ਲਿਹਾਜ ਨਾਲ ਵੀ ਇਸ ਤਰ੍ਹਾਂ ਦੀਆਂ ਕੰਧਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਕੰਧਾਂ 'ਤੇ ਇਸ਼ਤਿਹਾਰਬਾਜ਼ੀ ਜ਼ਰੀਏ ਕਮਾਈ ਕਰਨ ਦੇ ਬਦਲ 'ਤੇ ਕੰਮ ਕਰ ਰਹੇ ਹਾਂ।
ਰੇਲ ਮੰਤਰਾਲਾ ਦੇ ਅਧਿਕਾਰੀ ਨੇ ਕਿਹਾ ਕਿ ਵੱਖ-ਵੱਖ ਬਦਲਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਿਚ ਆਵਾਜ਼ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਆਵਾਜ਼ ਰੋਕੂ ਕੰਧਾਂ ਬਣਾਉਣ ਦੀ ਤਜਵੀਜ਼ ਵੀ ਸ਼ਾਮਲ ਹੈ। ਕੰਧਾਂ ਲਗਭਗ 7-8 ਫੁੱਟ ਉੱਚੀਆਂ ਹੋਣਗੀਆਂ ਅਤੇ ਇਸ ਦੇ ਦੋਹੇ ਪਾਸੇ ਇਸ਼ਤਿਹਾਰਬਾਜ਼ੀ ਸਮੱਗਰੀ ਲਗਾਉਣ ਦਾ ਪ੍ਰਬੰਧ ਹੋਵੇਗਾ।