ਹਾਰੇਗੀ ਭਾਜਪਾ, ਡਰੇ ਹੋਏ ਹਨ ਪ੍ਰਧਾਨ ਮੰਤਰੀ : ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

'ਖੋਖਲਾ ਢਾਂਚਾ 10-15 ਦਿਨਾਂ 'ਚ ਢਹਿ ਜਾਵੇਗਾ

Rahul Gandhi

ਨਵੀਂ ਦਿੱਲੀ/ ਸੁਲਤਾਨਪੁਰ (ਉੱਤਰ ਪ੍ਰਦੇਸ਼)  : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਚਾਰ ਗੇੜਾਂ ਦੇ ਮਤਦਾਨ ਮਗਰੋਂ ਉਨ੍ਹਾਂ ਦੀ ਪਾਰਟੀ ਦਾ ਅੰਦਰੂਨੀ ਵਿਸ਼ਲੇਸ਼ਣ ਦਸਦਾ ਹੈ ਕਿ ਭਾਜਪਾ ਲੋਕ ਸਭਾ ਚੋਣਾਂ ਵਿਚ ਹਾਰ ਜਾਵੇਗਾ ਅਤੇ ਉਹ ਡਰੇ ਹੋਏ ਪ੍ਰਧਾਨ ਮੰਤਰੀ ਨੂੰ ਵਿਰੋਧੀ ਧਿਰ ਦੇ ਹਮਲਿਆਂ ਦਾ ਸਾਹਮਣਾ ਕਰਨ ਦੇ ਅਸਮਰੱਥ ਵੇਖ ਰਹੇ ਹਨ। ਗਾਂਧੀ ਨੇ ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪੰਜ ਸਾਲ ਪਹਿਲਾਂ ਕਿਹਾ ਜਾਂਦਾ ਸੀ ਕਿ ਮੋਦੀ ਨੂੰ ਹਰਾਇਆ ਨਹੀਂ ਜਾ ਸਕਦਾ ਅਤੇ ਉਹ 10-15 ਸਾਲ ਸ਼ਾਸਨ ਕਰਨਗੇ ਪਰ ਕਾਂਗਰਸ ਨੇ ਉਨ੍ਹਾਂ ਨੂੰ ਖ਼ਤਮ ਕਰ ਦਿਤਾ ਹੈ।

ਕਾਂਗਰਸ ਦੇ ਸੀਨੀਅਰ ਆਗੂਆਂ ਪੀ ਚਿਦੰਬਰਮ, ਅਹਿਮਦ ਪਟੇਨ, ਆਨੰਦ ਸ਼ਰਮਾ ਅਤੇ ਰਣਦੀਪ ਸੁਰਜੇਵਾਲਾ ਦੀ ਮੌਜੂਦਗੀ ਵਿਚ ਗਾਂਧੀ ਨੇ ਕਿਹਾ, 'ਜਿਹੜਾ ਢਾਂਚਾ ਖੜਾ ਹੈ, ਉਹ ਖੋਖਲਾ ਹੈ। ਇਹ 10-15 ਦਿਨਾਂ ਵਿਚ ਢਹਿ ਜਾਵੇਗਾ।' ਉਨ੍ਹਾਂ ਦਾਅਵਾ ਕੀਤਾ ਕਿ ਚੋਣਾਂ ਦੀ ਹਨੇਰੀ ਤੋਂ ਜ਼ਿਆਦਾ ਕਵਾਇਦ ਪੂਰੀ ਹੋ ਚੁੱਕੀ ਹੈ ਅਤੇ ਸਪੱਸ਼ਟ ਸੰਕੇਤ ਮਿਲ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਾਰ ਰਹੇ ਹਨ। ਗਾਂਧੀ ਨੇ ਕਿਹਾ, 'ਇਕ ਗੁਪਤ ਲਹਿਰ ਹੈ ਅਤੇ ਭਾਜਪਾ ਹਾਰ ਰਹੀ ਹੈ। ਮੈਨੂੰ ਭਾਜਪਾ ਦਾ ਕੋਈ ਰਣਨੀਤਕ ਪ੍ਰਚਾਰ ਨਹੀਂ ਵਿਖਾਈ ਦਿੰਦਾ।

ਮੈਨੂੰ ਡਰਿਆ ਹੋਇਆ ਪ੍ਰਧਾਨ ਮੰਤਰੀ ਵਿਖਾਈ ਦੇ ਰਿਹਾ ਹੈ ਜਿਹੜਾ ਪੂਰੀ ਤਰ੍ਹਾਂ ਮੰਨ ਚੁੱਕਾ ਹੈ ਕਿ ਉਹ ਫਸ ਗਏ ਹਨ ਅਤੇ ਕਾਮਯਾਬ ਨਹੀਂ ਹੋਣਗੇ। ਰਾਹੁਲ  ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਬਰਬਾਦ ਕਰ ਦਿਤੀ ਹੈ ਅਤੇ  ਉਨ੍ਹਾਂ ਦੇ ਅਪਣੇ ਅੰਦਾਜ਼ੇ ਅਨੁਸਾਰ ਭਾਜਪਾ ਲੋਕ ਸਭਾ ਚੋਣਾ ਹਾਰ ਰਹੀ ਹੈ। 
ਉਨ੍ਹਾਂ ਕਿਹਾ ਕਿ ਮੋਦੀ ਸਾਲ 2014 ਵਿਚ ਕੀਤੇ ਗਏ ਅਪਣੇ ਵਾਦਿਆਂ 'ਤੇ ਇਸ ਸਮੇਂ ਇਕ ਵੀ ਸ਼ਬਦ ਨਹੀਂ ਬੋਲ ਰਹੇ।

ਇਸੇ ਦੌਰਾਨ ਰਾਹੁਲ ਨੇ ਸੁਲਤਾਨਪੁਰ 'ਚ ਕਾਂਗਰਸ ਉਮੀਦਵਾਰ ਸੰਜੇ ਸਿੰਘ  ਦੇ ਹੱਕ ਵਿਚ ਕਰਵਾਈ ਜਨਤਕ ਸਭਾ ਦੌਰਾਨ ਕਿਹਾ ਕਿ ਮੋਦੀ ਇਹ ਸਮਝਾ ਦੇਣ ਕਿ ਸਾਲ 2019 ਮਗਰੋਂ ਉਹ ਨੌਜੁਆਨਾਂ ਨੂੰ ਰੁਜ਼ਗਾਰ ਕਿਵੇਂ ਦੇਣਗੇ? ਗਾਂਧੀ ਨੇ ਕਿਹਾ ''ਜੇਕਰ ਮੋਦੀ ਅੰਦਰ ਹਿੰਮਤ ਹੁੰਦੀ ਤਾਂ ਉਹ ਕਹਿ ਦਿੰਦੇ ਕਿ ਸਾਲ 2014 ਵਿਚ ਮੈਂ ਜੋਸ਼ ਵਿਚ ਆ ਕੇ ਹਰ ਸਾਲ ਦੋ ਕਰੋੜ ਰੁਜ਼ਗਾਰ ਦੇਣ ਦੀ ਗੱਲ ਕਹਿ ਦਿਤੀ ਸੀ। ਪਰ ਇਸ ਬੰਦੇ ਵਿਚ ਹਿੰਮਤ ਨਹੀਂ। ਪੂਰਾ ਹਿੰਦੁਸਤਾਨ ਸਮਝ ਗਿਆ ਹੈ ਕਿ ਇਸ ਚੌਕੀਦਾਰ ਨੇ ਅੰਬਾਨੀ, ਨੀਰਵ ਮੋਦੀ, ਵਿਜੇ ਮਾਲਿਆ ਅਤੇ ਮੇਹੁਲ ਚੌਕਸੀ ਦੀ ਚੌਕੀਦਾਰੀ ਕੀਤੀ ਹੈ। ਇਸ ਨੇ ਪੂਰਾ ਦੇਸ਼ ਵੇਚ ਦਿਤਾ। ''(ਪੀਟੀਆਈ)