ਅਨੰਤਨਾਗ 'ਚ ਅਤਿਵਾਦੀਆਂ ਵਲੋਂ ਭਾਜਪਾ ਨੇਤਾ ਦੀ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਤਿਵਾਦੀਆਂ ਨੇ 5 ਗੋਲੀਆਂ ਮਾਰ ਕੇ ਕੀਤੀ ਹੱਤਿਆ

Gul Mohammad Mir

ਅਨੰਤਨਾਗ- ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਬੀਜੇਪੀ ਨੇਤਾ ਗੁਲ ਮੁਹੰਮਦ ਮੀਰ ਦੀ ਹੱਤਿਆ ਕਰ ਦਿੱਤੀ।  ਜਾਣਕਾਰੀ ਦੇ ਅਨੁਸਾਰ ਬੀਜੇਪੀ ਨੇਤਾ ਗੁਲ  ਮੁਹੰਮਦ ਮੀਰ ਅਨੰਤਨਾਗ ਵਿਚ ਬੀਜੇਪੀ ਦੇ ਉਪ-ਪ੍ਰਧਾਨ ਸਨ। 60 ਸਾਲ  ਦੇ ਗੁੱਲ ਮੁਹੰਮਦ ਮੀਰ ਨੂੰ ਅਤਿਵਾਦੀਆਂ ਨੇ 5 ਗੋਲੀਆਂ ਮਾਰੀ, ਜਿਨ੍ਹਾਂ ਵਿਚੋਂ ਤਿੰਨ ਉਨ੍ਹਾਂ ਦੇ  ਸੀਨੇ ਵਿਚ ਅਤੇ ਦੋ ਢਿੱਡ ਵਿਚ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਮੀਰ ਦੇ ਨੌਗਾਮ ਸਥਿਤ ਘਰ 'ਚ ਤਿੰਨ ਅਤਿਵਾਦੀ ਆਏ ਅਤੇ ਉਹਨਾਂ ਤੋਂ ਉਸ ਦੀ ਗੱਡੀ ਦੀ ਚਾਬੀ ਮੰਗਣ ਲੱਗੇ।

ਜਿਸ ਸਮੇਂ ਅਤਿਵਾਦੀ ਗੱਡੀ ਲਿਜਾ ਰਹੇ ਸਨ ਤਾਂ ਇਸੇ ਦੌਰਾਨ ਅਤਿਵਾਦੀਆਂ ਨੇ ਗੁਲ ਮੁਹੰਮਦ ਮੀਰ, ਜੋ ਕਿ ਇਲਾਕੇ ਵਿਚ 'ਅਟਲ' ਦੇ ਨਾਂਅ ਨਾਲ ਵੀ ਜਾਣੇ ਜਾਂਦੇ ਸਨ, ਦੇ ਗੋਲੀਆਂ ਮਾਰ ਦਿੱਤੀਆਂ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਗੋਲੀ ਲੱਗਣ ਤੋਂ ਬਾਅਦ ਗੁਲ ਮੁਹੰਮਦ ਮੀਰ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਰਿਆ ਘੋਸ਼ਿਤ ਕਰ ਦਿੱਤਾ।  ਜਾਣਕਾਰੀ ਦੇ ਮੁਤਾਬਕ ਗੁਲ ਮੁਹੰਮਦ ਮੀਰ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਸਨ।  ਕਿਹਾ ਜਾ ਰਿਹਾ ਹੈ ਕਿ ਤਿੰਨ ਅਤਿਵਾਦੀਆਂ ਨੇ ਉਨ੍ਹਾਂ ਦੇ ਘਰ ਵਿਚ ਵੜਕੇ ਉਨ੍ਹਾਂ ਨੂੰ ਲਾਪਰਵਾਹੀ ਨਾਲ ਮਾਰ ਦਿੱਤਾ ਹੈ।  

ਨੈਸ਼ਨਲ ਕਾਨਫ਼ਰੰਸ ਦੇ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਸੀਐਮ ਉਮਰ ਅਬਦੁੱਲਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।  ਉਨ੍ਹਾਂ ਨੇ ਟਵੀਟ ਕੀਤਾ ਕਿ ਦੱਖਣ ਕਸ਼ਮੀਰ ਵਿਚ ਬੀਜੇਪੀ ਦੇ ਪਦ ਅਧਿਕਾਰੀ ਗੁਲਾਮ ਮੁਹੰਮਦ ਮੀਰ ਦੀ ਨੌਗਾਮ ਵਿਚ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ।   ਮੈਂ ਇਸ ਘਟਨਾ ਦੀ ਨਿੰਦਾ ਕਰਦਾ ਹਾਂ ਅਤੇ ਸਵਰਗਵਾਸੀ ਦੀ ਆਤਮਾ ਲਈ ਅਰਦਾਸ ਕਰਦਾ ਹਾਂ, ਅੱਲ੍ਹਾ ਜੰਨਤ ਨਸੀਬ ਕਰੇ।