24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 2553 ਮਾਮਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 'ਕੋਰੋਨਾ ਵਾਇਰਸ' ਦੀ ਲਾਗ ਤੋਂ ਪੀੜਤ 1074 ਰੋਗੀ ਠੀਕ ਹੋਏ ਹਨ

File Photo

ਨਵੀਂ ਦਿੱਲੀ, 4 ਮਈ: ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 'ਕੋਰੋਨਾ ਵਾਇਰਸ' ਦੀ ਲਾਗ ਤੋਂ ਪੀੜਤ 1074 ਰੋਗੀ ਠੀਕ ਹੋਏ ਹਨ ਜੋ ਇਕ ਦਿਨ ਵਿਚ ਠੀਕ ਹੋਣ ਵਾਲੇ ਰੋਗੀਆਂ ਦੀ ਸੱਭ ਤੋਂ ਵੱਧ ਗਿਣਤੀ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਠੀਕ ਹੋਣ ਦੀ ਦਰ 27.52 ਫ਼ੀ ਸਦੀ ਹੈ ਅਤੇ 11,706 ਰੋਗੀ ਹੁਣ ਤਕ ਠੀਕ ਹੋ ਚੁਕੇ ਹਨ।

ਅਗਰਵਾਲ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 2553 ਮਾਮਲੇ ਸਾਹਮਣੇ ਆਏ ਜਿਨ੍ਹਾਂ ਨਾਲ ਕੁਲ ਮਾਮਲਿਆਂ ਦੀ ਗਿਣਤੀ 42,533 ਹੋ ਗਈ ਹੈ। ਕੁਲ ਐਕਟਿਵ ਮਾਮਲਿਆਂ ਦੀ ਗਿਣਤੀ 29453 ਹੈ। ਅਗਰਵਾਲ ਨੇ ਕਿਹਾ ਕਿ ਫ਼ਿਲਹਾਲ ਕੋਵਿਡ-19 ਦਾ ਗ੍ਰਾਫ਼ ਸਪਾਟ ਹੈ ਅਤੇ ਇਹ ਕਹਿਣਾ ਠੀਕ ਨਹੀਂ ਕਿ ਇਸ ਦਾ ਸਿਖਰ ਕਦੋਂ ਆਵੇਗਾ। ਉਨ੍ਹਾਂ ਕਿਹਾ, 'ਅਸੀਂ ਸਮੂਹਕ ਰੂਪ ਵਿਚ ਕੰਮ ਕਰਦੇ ਹਾਂ ਤਾਂ ਫਿਰ ਸਿਖਰ ਵਾਲੀ ਹਾਲਤ ਕਦੇ  ਨਹੀਂ ਆਵੇਗੀ ਜਦਕਿ ਜੇ ਅਸੀਂ ਕਿਸੇ ਵੀ ਤਰੀਕੇ ਨਾਲ ਨਾਕਾਮ ਰਹੇ ਤਾਂ ਮਾਮਲੇ ਵੱਧ ਸਕਦੇ ਹਨ।'

ਨਾਗਰਿਕ ਸਮਾਜ, ਐਨਜੀਓ, ਉਦਯੋਗਾਂ ਅਤੇ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਕੰਮ ਕਰ ਰਹੇ ਅਧਿਕਾਰ ਪ੍ਰਾਪਤ ਸਮੂਹ ਦੇ ਪ੍ਰਧਾਨ ਅਮਿਤਾਭ ਕਾਂਤ ਨੇ ਕਿਹਾ ਕਿ 112 ਜ਼ਿਲ੍ਹਿਆਂ ਵਿਚ ਅਸੀਂ ਸਮੂਹਾਂ ਵਜੋਂ ਕੰਮ ਕੀਤਾ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿਚ ਸਿਰਫ਼ 610 ਮਾਮਲੇ ਸਾਹਮਣੇ ਆਏ ਹਨ ਜੋ ਕੌਮੀ ਪੱਧਰ 'ਤੇ ਲਾਗ ਦਾ ਦੋ ਫ਼ੀ ਸਦੀ ਹੈ।' ਉਨ੍ਹਾਂ ਕਿਹਾ ਕਿ ਬਾਰਾਮੂਲਾ, ਨੂੰਹ, ਰਾਂਚੀ, ਕੁਪਵਾੜਾ ਅਤੇ ਜੈਸਲਮੇਰ ਜਿਹੇ ਕੁੱਝ ਜ਼ਿਲ੍ਹਿਆਂ ਵਿਚ 30 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਦਕਿ ਬਾਕੀ ਹਿੱਸਿਆਂ ਵਿਚ ਕਾਫ਼ੀ ਘੱਟ ਮਾਮਲੇ ਸਾਹਮਣੇ ਆਏ ਹਨ। (ਏਜੰਸੀ)