ਸਮੂਹਿਕ ਜ਼ਬਰ ਜਨਾਹ ਦੀ ਚੈਟ ਵਾਇਰਲ ਹੋਣ 'ਤੇ ਮਾਮਲਾ ਦਰਜ, ਇੰਸਟਾਗ੍ਰਾਮ ਤੋਂ ਮੰਗੀ ਗਈ ਡਿਟੇਲ
ਇੰਸਟਾਗ੍ਰਾਮ 'ਤੇ 'ਬੁਆਇਜ਼ ਲਾਕਰ ਰੂਮ' 'ਤੇ ਕੀਤੀ ਗਈ ਅਸ਼ਲੀਲ ਚੈਟ ਨੂੰ ਲੈ ਕੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਨਵੀਂ ਦਿੱਲੀ: ਇੰਸਟਾਗ੍ਰਾਮ 'ਤੇ 'ਬੁਆਇਜ਼ ਲਾਕਰ ਰੂਮ' 'ਤੇ ਕੀਤੀ ਗਈ ਅਸ਼ਲੀਲ ਚੈਟ ਨੂੰ ਲੈ ਕੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸੋਮਵਾਰ ਸਵੇਰੇ #boyslockerroom ਟਵਿਟਰ ´ਤੇ ਟਰੈਂਡ ਕਰ ਰਿਹਾ ਸੀ।
ਦਰਅਸਲ ਇਹ ਇੰਸਟਾਗ੍ਰਾਮ 'ਤੇ ਬਣਾਏ ਗਏ ਇਕ ਅਕਾਊਂਟ ਦਾ ਨਾਮ ਹੈ, ਜਿਸ 'ਤੇ ਕੁੱਝ ਸਕੂਲੀ ਬੱਚੇ ਅਸ਼ਲੀਲ ਚੈਟ ਕਰ ਰਹੇ ਸੀ। ਇਸ ਗਰੁੱਪ ਵਿਚ ਕੁੜੀਆਂ ਦੀਆਂ ਫੋਟੋਆਂ ਪਾ ਕੇ ਸਮੂਹਿਰ ਜ਼ਬਰ ਜਨਾਹ ਕਰਨ ਦੀ ਯੋਜਨਾ ਬਣਾਈ ਜਾ ਰਹੀ ਸੀ। ਇਕ ਯੂਜ਼ਰ ਨੇ ਗਰੁੱਪ ਦੇ ਸਕਰੀਨਸ਼ਾਟ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੇ।
ਇਸ ਤੋਂ ਬਾਅਦ #boyslockerroom ਟਵਿਟਰ 'ਤੇ ਟਰੈਂਡ ਕਰਨ ਲੱਗਿਆ। ਇਸ ਗਰੁੱਪ ਵਿਚ ਕੀਤੀ ਗਈ ਚੈਟ ਨੂੰ ਲੈ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾਣ ਲੱਗੀ। ਦੱਸਿਆ ਜਾ ਰਿਹਾ ਹੈ ਕਿ ਇਸ ਗਰੁੱਪ ਦੇ ਜ਼ਿਆਦਾਤਰ ਬੱਚੇ ਸਾਊਥ ਦਿੱਲੀ ਤੋਂ ਹਨ। ਉੱਥੇ ਹੀ ਮਾਮਲੇ ਸਬੰਧੀ ਦੱਖਣੀ ਦਿੱਲੀ ਪੁਲਿਸ ਨੇ ਸਾਈਬਰ ਸੈੱਲ ਨੂੰ ਜਾਂਚ ਕਰਨ ਲਈ ਕਿਹਾ ਸੀ।
ਇਸ ਤੋਂ ਬਾਅਦ ਮਾਮਲੇ ਵਿਚ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਆਈਟੀ ਐਕਟ ਦੀ ਧਾਰਾ 66 ਅਤੇ 67ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਇੰਸਟਾਗ੍ਰਾਮ ਤੋਂ ਗਰੁੱਪ ਨਾ ਜੁੜੀ ਜਾਣਕਾਰੀ ਮੰਗੀ ਹੈ।
ਉੱਥੇ ਹੀ ਮਾਮਲੇ 'ਤੇ ਕਾਰਵਾਈ ਕਰਦਿਆਂ ਦਿੱਲੀ ਮਹਿਲਾ ਕਮਿਸ਼ਨ ਨੇ ਵੀ ਦਿੱਲੀ ਪੁਲਿਸ ਅਤੇ ਇੰਸਟਾਗ੍ਰਾਮ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਗਰੁੱਪ ਹੁਣ ਇੰਸਟਾਗ੍ਰਾਮ 'ਤੇ ਡੀਐਕਟੀਵੇਟ ਹੋ ਗਿਆ ਹੈ।