ਪੂਰੀ ਕਸ਼ਮੀਰ ਵਾਦੀ ਰੈੱਡ ਜ਼ੋਨ ਵਿਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਵਾਦੀ ਅਤੇ ਜੰਮੂ ਦੇ ਤਿੰਨ ਜ਼ਿਲਿਆਂ ਨੂੰ 'ਰੈਡ ਜ਼ੋਨ' ਐਲਾਨਿਆ ਹੈ।

File Photo

ਜੰਮੂ, 4 ਮਈ (ਸਰਬਜੀਤ ਸਿੰਘ) : ਕੋਰੋਨਾ ਵਾਇਰਸ ਮਹਾਂਮਾਰੀ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਪੂਰੀ ਕਸ਼ਮੀਰ ਵਾਦੀ ਅਤੇ ਜੰਮੂ ਦੇ ਤਿੰਨ ਜ਼ਿਲਿਆਂ ਨੂੰ 'ਰੈਡ ਜ਼ੋਨ' ਐਲਾਨਿਆ ਹੈ। ਜ਼ਿਲ੍ਹਿਆਂ ਦਾ ਵਰਗੀਕਰਨ ਮੁੱਖ ਸਕੱਤਰ ਬੀਵੀਆਰ ਸੁਬ੍ਰਾਹਮਣਯਮ ਦੁਆਰਾ ਜਾਰੀ ਕੀਤੇ ਗਏ ਆਦੇਸ਼ ਵਿਚ ਕੀਤਾ ਗਿਆ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਜੰਮੂ-ਕਸ਼ਮੀਰ ਦੇ ਚਾਰ ਜ਼ਿਲ੍ਹਿਆਂ ਨੂੰ ਸ੍ਰੀਨਗਰ, ਬਾਂਦੀਪੁਰਾ, ਅਨੰਤਨਾਗ ਅਤੇ ਸ਼ੋਪੀਆਂ ਨੂੰ ਰੈਡ ਜ਼ੋਨ ਵਿਚ ਰਖਿਆ ਸੀ।

ਕੇਂਦਰ ਸਰਕਾਰ ਨੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਅਪਣੀ ਮਨਜ਼ੂਰੀ ਦੇ ਦਿਤੀ ਹੈ ਕਿ ਉਹ ਵਾਧੂ ਜ਼ਿਲ੍ਹਿਆਂ ਨੂੰ ਲਾਲ ਜਾਂ ਔਰਜ਼ ਜ਼ੋਨ ਵਿਚ ਵੀ ਸ਼੍ਰੇਣੀਬੱਧ ਕਰ ਸਕਦੇ ਹਨ। ਹਾਲਾਂਕਿ, ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜ਼ਿਲ੍ਹਾ ਜ਼ੋਨਾਂ ਨੂੰ ਨੀਵਾਂ ਕਰਨ ਦੀ ਆਗਿਆ ਨਹੀਂ ਹੈ। ਜੰਮੂ-ਕਸ਼ਮੀਰ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ, 10 ਜ਼ਿਲ੍ਹਿਆਂ ਦੀ ਸਮੁੱਚੀ ਕਸ਼ਮੀਰ ਵਾਦੀ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਜੰਮੂ ਖੇਤਰ ਵਿਚ ਜੰਮੂ, ਸਾਂਬਾ ਅਤੇ ਕਠੂਆ ਰੈਡ ਜ਼ੋਨ ਵਿਚ ਤਿੰਨ ਜ਼ਿਲ੍ਹੇ ਹਨ।

ਜੰਮੂ ਖੇਤਰ ਦੇ ਚਾਰ ਜ਼ਿਲ੍ਹੇ ਉਧਮਪੁਰ, ਰਿਆਸੀ, ਰਾਮਬਨ ਅਤੇ ਰਾਜੌਰੀ ਔਰਜ਼ ਜ਼ੋਨ ਵਿਚ ਹਨ ਜਦੋਂਕਿ ਡੋਡਾ, ਕਿਸ਼ਤਵਾੜ ਅਤੇ ਪੁਣਛ ਗ੍ਰੀਨ ਜ਼ੋਨ ਵਿਚ ਹਨ। ਇਸ ਦੇ ਨਾਲ ਹੀ ਮੁੱਖ ਸਕੱਤਰ ਦੁਆਰਾ ਜਾਰੀ ਕੀਤੇ ਹੋਰ ਦਿਸ਼ਾ ਨਿਰਦੇਸ਼ 1 ਮਈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹੁਕਮ ਦੇ ਸਮਾਨ ਹਨ। ਬੰਦ ਦਾ ਤੀਜਾ ਪੜਾਅ 4 ਮਈ ਤੋਂ 17 ਮਈ ਤਕ ਹੈ। ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਰਕਾਰ ਨੇ ਮਨਜ਼ੂਰ ਕੀਤੀਆਂ ਗਤੀਵਿਧੀਆਂ ਵਿਚ ਨਿਜੀ ਵਾਹਨਾਂ ਤੋਂ ਲੋਕਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਹੈ ਪਰ ਇਕ ਫ਼ੋਰ-ਵ੍ਹੀਲਰ ਵਿੱਚ ਡਰਾਈਵਰ ਤੋਂ ਇਲਾਵਾ ਸਿਰਫ਼ ਦੋ ਯਾਤਰੀ ਸਵਾਰ ਹੋ ਸਕਦੇ ਹਨ ਅਤੇ  ਇੱਕ  ਸਮੇਂ ਦੋਪਹੀਆ ਵਾਹਨ ਤੇ  ਚਾਲਕ ਤੋਂ ਇਲਾਵਾ ਕਿਸੇ ਨੂੰ ਵੀ ਬੈਠਣ ਦੀ ਆਗਿਆ ਨਹੀਂ ਹੈ।