ਗਿਲਗਿਤ-ਬਲੋਚਸਤਾਨ ਭਾਰਤ ਦਾ ਅਨਿਖੜਵਾਂ ਅੰਗ, ਇਸ ਨੂੰ ਤੁਰਤ ਖ਼ਾਲੀ ਕਰੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਨੇ ਦਿਤੀ ਪਾਕਿਸਤਾਨ ਨੂੰ ਚਿਤਾਵਨੀ

File Photo

ਨਵੀਂ ਦਿੱਲੀ, 4 ਮਈ : ਭਾਰਤ ਨੇ ਗਿਲਗਿਤ-ਬਲੋਚਸਤਾਨ 'ਚ ਆਮ ਚੋਣਾਂ ਕਰਵਾਉਣ ਦੇ ਪਾਕਿਸਤਾਨ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਵਿਦੇਸ਼ ਮੰਤਰਾਲਾ ਨੇ ਪਾਕਿਸਤਾਨ ਨੂੰ ਸਾਫ਼ ਸ਼ਬਦਾਂ 'ਚ ਕਿਹਾ ਕਿ ਗਿਲਗਿਤ-ਬਾਲਟਿਸਤਾਨ ਸਮੇਤ ਪੂਰਾ ਜੰਮੂ-ਕਸ਼ਮੀਰ ਤੇ ਲੱਦਾਖ ਭਾਰਤ ਦਾ ਅਨਿਖੜਵਾਂ ਅੰਗ ਹੈ ਅਤੇ ਪਾਕਿਸਤਾਨ ਅਪਣੇ ਨਾਜ਼ਾਇਜ ਕਬਜ਼ੇ ਨੂੰ ਇਨ੍ਹਾਂ ਖੇਤਰਾਂ 'ਚੋਂ ਤੁਰਤ ਹਟਾਏ।

ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿਤਾ ਹੈ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਸਾਰਾ ਇਲਾਕਾ, ਜਿਸ 'ਚ ਗਿਲਗਿਤ-ਬਾਲਟਿਸਤਾਨ ਵੀ ਹੈ, ਭਾਰਤ ਦਾ ਅਨਿਖੜਵਾਂ ਹਿੱਸਾ ਹੈ ਅਤੇ ਭਾਰਤ ਨੂੰ ਇਸ ਉਤੇ ਵਿਸ਼ੇਸ਼ ਤੇ ਕਾਨੂੰਨੀ ਪ੍ਰਾਪਤੀ ਦਾ ਅਧਿਕਾਰ ਹੈ। ਪਾਕਿਸਤਾਨ ਨੂੰ ਇਹ ਵੀ ਸਪੱਸ਼ਟ ਕਰ ਦਿਤਾ ਹੈ ਕਿ 1994 ਵਿਚ ਸੰਸਦ ਵਿੱਚ ਪਾਸ ਕੀਤੇ ਗਏ ਮਤੇ 'ਚ ਇਸ ਮੁੱਦੇ 'ਤੇ ਭਾਰਤ ਦੀ ਸਥਿਤੀ ਸਾਫ਼ ਨਜ਼ਰ ਆਈ ਸੀ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਸੀ। ਪਾਕਿਸਤਾਨ ਜਾਂ ਇਸ ਦੀ ਨਿਆਂਪਾਲਿਕਾ ਕੋਲ ਕੋਈ ਅਧਿਕਾਰੀ ਨਹੀਂ ਹੈ ਕਿ ਉਹ ਇਸ 'ਤੇ ਗ਼ੈਰ ਕਾਨੂੰਨੀ ਤੇ ਜਬਰੀ ਕਬਜ਼ਾ ਕਰੇ। ਭਾਰਤ ਅਜਿਹੀ ਕਾਰਵਾਈ ਨੂੰ ਰੱਦ ਕਰਦਾ ਹੈ।

ਵਿਦੇਸ਼ ਮੰਤਰਾਲੇ ਨੇ ਦਸਿਆ ਕਿ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਅਜਿਹੀ ਕਾਰਵਾਈ ਨਾਲ ਪਾਕਿਸਤਾਨ, ਕੇਂਦਰ ਸ਼ਾਸਿਤ ਸੂਬੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨਾਜਾਇਜ਼ ਕਬਜ਼ਿਆਂ ਨੂੰ ਲੁਕਾ ਨਹੀਂ ਸਕਦਾ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕ ਸਕਦਾ ਹੈ। ਪਾਕਿਸਤਾਨ ਇਸ ਗੱਲ ਤੋਂ ਵੀ ਇਨਕਾਰ ਨਹੀਂ ਕਰ ਸਕਦਾ ਕਿ ਪਿਛਲੇ 7 ਦਹਾਕਿਆਂ ਤੋਂ ਪੀਓਕੇ ਵਿਚ ਲੋਕਾਂ ਨੂੰ ਆਜ਼ਾਦੀ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 28 ਅਪ੍ਰੈਲ ਨੂੰ ਗਿਲਗਿਤ-ਬਾਲਟਿਸਤਾਨ ਦੇ ਐਡਵੋਕੇਟ ਜਨਰਲ ਨੂੰ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ ਵਿਚ ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਸਾਲ 2018 ਵਿਚ ਗਿਲਗਿਲ-ਬਾਲਟਿਸਤਾਨ ਵਿਚ ਚੋਣਾਂ ਦੇ ਆਦੇਸ਼ ਵਿਚ ਲੋੜੀਂਦੀਆਂ ਤਬਦੀਲੀਆਂ ਕਰਨ ਅਤੇ ਕਾਰਜਕਾਰੀ ਸਰਕਾਰ ਤਿਆਰ ਕਰ ਲਈ ਕਿਹਾ ਗਿਆ ਹੈ। ਇਸ ਤੋਂ ਬਾਅਦ 30 ਅਪ੍ਰੈਲ ਨੂੰ ਸੁਪਰੀਮ ਕੋਰਟ ਨੇ ਇੱਥੇ ਚੋਣਾਂ ਕਰਵਾਉਣ ਦੇ ਆਦੇਸ਼ ਦਿਤੇ ਸਨ।  (ਏਜੰਸੀ)