40 ਦਿਨਾਂ ਤੋਂ ਜੰਮੂ 'ਚ ਫਸੇ ਮਜ਼ਦੂਰਾਂ ਨੇ ਪੈਦਲ ਚੱਲ ਕੇ ਉਤਰ ਪ੍ਰਦੇਸ਼ ਜਾਣ ਦੀ ਕੀਤੀ ਕੋਸ਼ਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਾਲਾਬੰਦੀ ਕਾਰਨ ਉਤਰ ਪ੍ਰਦੇਸ਼ ਦੇ 60 ਦੇ ਕਰੀਬ ਮਜ਼ਦੂਰ ਜੋ ਪਿਛਲੇ 40 ਦਿਨਾਂ ਤੋਂ ਜੰਮੂ ਵਿਚ ਫਸੇ ਸਨ

File Photo

ਜੰਮੂ, 4 ਮਈ (ਸਰਬਜੀਤ ਸਿੰਘ) : ਤਾਲਾਬੰਦੀ ਕਾਰਨ ਉਤਰ ਪ੍ਰਦੇਸ਼ ਦੇ 60 ਦੇ ਕਰੀਬ ਮਜ਼ਦੂਰ ਜੋ ਪਿਛਲੇ 40 ਦਿਨਾਂ ਤੋਂ ਜੰਮੂ ਵਿਚ ਫਸੇ ਸਨ, ਸੋਮਵਾਰ ਨੂੰ ਜੰਮੂ ਤੋਂ  ਅਪਣੇ ਘਰਾਂ ਲਈ ਪੈਦਲ ਹੀ ਰਵਾਨਾ ਹੋਏ। ਹਾਲਾਂਕਿ ਇਹ ਸਾਰੇ ਲੋਕਾਂ ਨੂੰ ਸ਼ਹਿਰ ਵਿਚ ਹੀ ਰੋਕ ਲਿਆ ਗਿਆ। ਸੋਮਵਾਰ ਸਵੇਰੇ ਜਦੋਂ ਜੰਮੂ ਦੇ ਤ੍ਰਿਕੁਟਾ ਨਗਰ ਖੇਤਰ ਵਿਚ ਇਕ ਪੁਲਿਸ ਸਟੇਸ਼ਨ 'ਤੇ ਤਾਇਨਾਤ ਜਵਾਨਾਂ ਨੇ ਸ਼ਹਿਰ ਵਿਚ ਘੁੰਮ ਰਹੇ 60 ਦੇ ਕਰੀਬ ਇਕੱਠਿਆਂ ਹੋਏ ਲੋਕਾਂ ਨੂੰ ਤੋਂ ਪੁਛਗਿੱਛ ਕੀਤੀ ਤਾਂ ਪਤਾ ਲਗਿਆ ਕਿ ਇਹ ਸਾਰੇ ਲੋਕ ਉੱਤਰ ਪ੍ਰਦੇਸ਼ ਦੇ ਆਸ ਪਾਸ ਦੇ ਜ਼ਿਲ੍ਹਿਆਂ ਸਮੇਤ ਗੋਰਖਪੁਰ ਦੇ ਹਨ ਅਤੇ ਜੰਮੂ ਦੇ ਨਵਾਬਾਦ ਥਾਣੇ ਅਧੀਨ ਪੈਂਦੇ ਖੇਤਰ ਵਿੱਚ ਰਹਿੰਦੇ ਹਨ।

ਇਨ੍ਹਾਂ ਲੋਕਾਂ ਨੇ ਉਮੀਦ ਪ੍ਰਗਟਾਈ ਸੀ ਕਿ ਤਿੰਨ ਤਰੀਕ ਨੂੰ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਦੇ ਘਰ ਭੇਜ ਦਿਤਾ ਜਾਵੇਗਾ ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਇਹ ਲੋਕ ਪੈਦਲ ਹੀ ਅਪਣੇ  ਘਰਾਂ ਵਲ ਤੁਰਨ ਲੱਗੇ। ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ 40 ਦਿਨਾਂ ਤੋਂ ਫਸੇ ਹੋਏ ਹਨ। ਲੋਕਾਂ ਦਾ ਕਹਿਣਾ ਸੀ ਕਿ ਜੰਮੂ ਵਿਚ ਖਾਣ ਪੀÎਣ  ਵਿਚ ਮੁਸ਼ਕਲ ਆ ਰਹੀ ਹੈ, ਇਸ ਲਈ ਉਨ੍ਹਾਂ ਸਾਰਿਆਂ ਨੇ ਜੰਮੂ ਤੋਂ ਉਤਰ ਪ੍ਰਦੇਸ਼ ਜਾਣ ਦੀ ਸੋਚੀ। ਇਸ ਦੇ ਨਾਲ ਹੀ ਜੰਮੂ ਪੁਲਿਸ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਬਸਾਂ ਵਿਚ ਬਿਠਾ ਕੇ ਵਾਪਸ ਨਵਾਬਾਦ ਇਲਾਕੇ ਭੇਜ ਦਿਤਾ ਹੈ।