ਮੇਰਾ ਮਣੀਪੁਰ ਸੜ ਰਿਹਾ ਹੈ, ਕ੍ਰਿਪਾ ਕਰ ਕੇ ਮਦਦ ਕਰੋ : ਮੈਰੀਕਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਲੰਪਿਕ ਤਮਗ਼ਾ ਜੇਤੂ ਮੁੱਕੇਬਾਜ਼ ਐਮ.ਸੀ. ਮੈਰੀਕਾਮ ਦੀ ਸਰਕਾਰ ਨੂੰ ਅਪੀਲ 

'My state Manipur is burning, kindly help': Boxer Mary Kom asks PM Modi, Shah

ਇੰਫਾਲ : ਉਲੰਪਿਕ ਤਮਗ਼ਾ ਜੇਤੂ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਕੇਂਦਰ ਸਰਕਾਰ ਤੋਂ ਮਣੀਪੁਰ ’ਚ ਭੜਕੀ ਹਿੰਸਾ ’ਤੇ ਕਾਬੂ ਪਾਉਣ ’ਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਕ ਟਵੀਟ ਕੀਤਾ ਜਿਸ ’ਚ ਹਿੰਸਾ ਦੀ ਤਸਵੀਰ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਖਿਆ ਮੰਤਰੀ ਰਾਜਨਾਥ ਸਿੰਘ ਨੂੰ ਟੈਗ ਕਰਦੇ ਹੋਏ ਲਿਖਿਆ, “ਮੇਰਾ ਮਣੀਪੁਰ ਸੜ ਰਿਹਾ ਹੈ ਕ੍ਰਿਪਾ ਕਰ ਕੇ ਮਦਦ ਕਰੋ।’ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਉਤਰ-ਪੂਰਬੀ ਰਾਜ ਵਿਚ ਕਬਾਇਲੀ ਅੰਦੋਲਨ ਦੌਰਾਨ ਹਿੰਸਾ ਭੜਕ ਗਈ ਸੀ, ਜਿਸ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਫ਼ੌਜ ਅਤੇ ਅਸਾਮ ਰਾਈਫ਼ਲਜ਼ ਨੂੰ ਤਾਇਨਾਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਸ਼੍ਰੀਲੰਕਾ ਨੇ ਆਨਲਾਈਨ ਧੋਖਾਧੜੀ ਵਿਚ ਸ਼ਾਮਲ ਚੀਨੀ ਨੈਟਵਰਕ ਦਾ ਕੀਤਾ ਪਰਦਾਫ਼ਾਸ਼

ਇਕ ਰਖਿਆ ਬੁਲਾਰੇ ਨੇ ਦਸਿਆ ਕਿ ਫ਼ੌਜ ਅਤੇ ਅਸਾਮ ਰਾਈਫ਼ਲਜ਼ ਦੇ ਜਵਾਨਾਂ ਨੂੰ ਰਾਤ ਸਮੇਂ ਤਾਇਨਾਤ ਕੀਤਾ ਗਿਆ ਸੀ ਅਤੇ ਰਾਜ ਪੁਲਿਸ ਦੇ ਨਾਲ-ਨਾਲ ਦੋਵੇਂ ਬਲਾਂ ਨੇ ਸਵੇਰ ਤਕ ਹਿੰਸਾ ’ਤੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤਕ 4,000 ਲੋਕਾਂ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਰਿਹਾ ਹੈ। ਬੁਲਾਰੇ ਨੇ ਅੱਗੇ ਕਿਹਾ, ‘ਸਥਿਤੀ ’ਤੇ ਕਾਬੂ ਪਾਉਣ ਲਈ ਫ਼ਲੈਗ ਮਾਰਚ ਕਢਿਆ ਜਾ ਰਿਹਾ ਹੈ। 

ਇੰਫ਼ਾਲ ਘਾਟੀ ਵਿਚ ਦਬਦਬਾ ਰੱਖਣ ਵਾਲੇ ਪ੍ਰਮੁੱਖ ਗ਼ੈਰ-ਆਦੀਵਾਸੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐਸਟੀ) ਸ਼੍ਰੇਣੀ ਵਿਚ ਸ਼ਾਮਲ ਕਰਨ ਦੀ ਮੰਗ ਦੇ ਵਿਰੋਧ ਵਿਚ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬੰਗ ਖੇਤਰ ਵਿੱਚ ‘ਆਲ ਕਬਾਇਲੀ ਸਟੂਡੈਂਟਸ ਯੂਨੀਅਨ ਮਣੀਪੁਰ’ (ਏਟੀਐਸਯੂਐਮ) ਵਲੋਂ ਸੱਦੇ ਗਏ ‘ਕਬਾਇਲੀ ਏਕਤਾ ਮਾਰਚ’ ਦੌਰਾਨ ਬੁੱਧਵਾਰ ਨੂੰ ਹਿੰਸਾ ਭੜਕ ਗਈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਰੈਲੀ ਵਿਚ ਹਜ਼ਾਰਾਂ ਅੰਦੋਲਨਕਾਰੀਆਂ ਨੇ ਹਿੱਸਾ ਲਿਆ, ਜਿਸ ਦੌਰਾਨ ਆਦਿਵਾਸੀਆਂ ਅਤੇ ਗ਼ੈਰ-ਆਦਿਵਾਸੀਆਂ ਦਰਮਿਆਨ ਝੜਪਾਂ ਹੋਈਆਂ ਅਤੇ ਹਿੰਸਾ ਹੋਰ ਜ਼ਿਲ੍ਹਿਆਂ ਵਿਚ ਵੀ ਫੈਲ ਗਈ।