ਪਹਿਲਵਾਨਾਂ ਦੇ ਹੱਕ 'ਚ ਆਈਆਂ ਕਿਸਾਨ ਜਥੇਬੰਦੀਆਂ, 7 ਮਈ ਨੂੰ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਦਾ ਐਲਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਹਿਲਵਾਨਾਂ ਦੀ ਆਵਾਜ਼ ਚੁੱਕਣ ਲਈ ਧਰਨੇ 'ਤੇ ਪਹੁੰਚਣਗੀਆਂ ਵੱਡੀ ਗਿਣਤੀ ਵਿਚ ਔਰਤਾਂ 

Representational Image

ਨਵੀਂ ਦਿੱਲੀ: ਪ੍ਰਦਰਸ਼ਨਕਾਰੀ ਪਹਿਲਵਾਨਾਂ ਵਲੋਂ ਭਾਰਤੀ ਕੁਸ਼ਤੀ ਫ਼ੇਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੂੰ ਪਹਿਲਵਾਨਾਂ ਦੇ ਧਰਨੇ ਵਿਚ ਸ਼ਾਮਲ ਹੋਣ ਲਈ ਸੱਦੇ ਜਾਣ ਤੋਂ ਇਕ ਦਿਨ ਬਾਅਦ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਐਲਾਨ ਕੀਤਾ ਕਿ ਹਜ਼ਾਰਾਂ ਔਰਤਾਂ 7 ਮਈ ਨੂੰ ਜੰਤਰ-ਮੰਤਰ ਪਹੁੰਚਣਗੀਆਂ। 

ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਹੈ ਕਿ ਸ਼ਾਂਤਮਈ ਧਰਨੇ 'ਤੇ ਬੈਠੀਆਂ ਮਹਿਲਾਂ ਪਹਿਲਵਾਨਾਂ ਨੂੰ ਪਹਿਲਾਂ ਕੁੱਟਿਆ ਗਿਆ ਅਤੇ ਹੁਣ ਉਨ੍ਹਾਂ ਦੇ ਹੱਕ ਦਬਾਉਣ ਲਈ ਪੁਲਿਸ ਨੇ ਬੈਰੀਕੇਡਿੰਗ ਕਰ ਦਿਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਤਾਨਾਸ਼ਾਹੀ ਫ਼ੈਸਲੇ ਵਿਰੁਧ 6 ਮਈ ਨੂੰ ਮਹਿਲਾ ਕਿਸਾਨ ਆਗੂਆਂ ਦਾ ਕਾਫ਼ਲਾ ਦਿੱਲੀ ਲਈ ਰਵਾਨਾ ਹੋਵੇਗਾ।

ਇਹ ਵੀ ਪੜ੍ਹੋ:   ਪਾਕਿਸਤਾਨ 'ਚ ਹਿੰਦੂ ਨੌਜਵਾਨ ਦੀ ਹੱਤਿਆ ਦੇ ਦੋਸ਼ 'ਚ ਪੁਲਿਸ ਅਧਿਕਾਰੀ 'ਤੇ ਮਾਮਲਾ ਦਰਜ : ਰਿਪੋਰਟ

ਉਗਰਾਹਾਂ ਨੇ ਦਸਿਆ ਕਿ 7 ਮਈ ਨੂੰ ਮਹਿਲਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਕੁਲਦੀਪ ਕੌਰ ਦੀ ਅਗਵਾਈ ਹੇਠ ਜੰਤਰ-ਮੰਤਰ 'ਤੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੀ.ਕੇ.ਯੂ. ਮਹਿਲਾ ਕਾਡਰ ਵਲੋਂ 11, 12 ਅਤੇ 13 ਮਈ ਨੂੰ ਪੰਜਾਬ, ਹਰਿਆਣਾ ਅਤੇ ਉਤਰਾਖੰਡ ਵਿਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਉਨ੍ਹਾਂ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜ਼ਖ਼ਮੀ ਖਿਡਾਰੀਆਂ ਦਾ ਮੁਫ਼ਤ ਸਰਕਾਰੀ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਹੈ ਕਿ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।