ਲੋਕ ਸਭਾ ਚੋਣਾਂ 2024 : ਤੀਜੇ ਪੜਾਅ ’ਚ 94 ਸੀਟਾਂ ਲਈ ਚੋਣ ਪ੍ਰਚਾਰ ਖ਼ਤਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੀਆਂ 25, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ 7, ਅਸਾਮ ਦੀਆਂ 4 ਅਤੇ ਗੋਆ ਦੀਆਂ 2 ਸੀਟਾਂ ’ਤੇ ਹੋਵੇਗੀ ਵੋਟਿੰਗ

Representative Image.

ਨਵੀਂ ਦਿੱਲੀ: ਲੋਕ ਸਭਾ ਚੋਣਾਂ-2024 ਦੇ ਤੀਜੇ ਪੜਾਅ ਲਈ 12 ਸੂਬਿਆਂ ਦੀਆਂ 94 ਸੀਟਾਂ ’ਤੇ  ਚੋਣ ਪ੍ਰਚਾਰ ਐਤਵਾਰ ਸ਼ਾਮ 6 ਵਜੇ ਖਤਮ ਹੋ ਗਿਆ। ਵੋਟਾਂ 7 ਮਈ ਨੂੰ ਪੈਣਗੀਆਂ। ਇਸ ਪੜਾਅ ’ਚ ਗੁਜਰਾਤ ਦੀਆਂ 25, ਕਰਨਾਟਕ ਦੀਆਂ 14, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ 7, ਅਸਾਮ ਦੀਆਂ 4 ਅਤੇ ਗੋਆ ਦੀਆਂ 2 ਸੀਟਾਂ ’ਤੇ  ਵੋਟਿੰਗ ਹੋਵੇਗੀ।

ਮੱਧ ਪ੍ਰਦੇਸ਼ ਦੀਆਂ 9 ਸੀਟਾਂ ਲਈ ਹੋਣ ਵਾਲੀਆਂ ਚੋਣਾਂ ਦੌਰਾਨ ਤਿੰਨ ਵੱਡੇ ਦਿੱਗਜ ਆਗੂਆਂ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਦਿਗਵਿਜੇ ਸਿੰਘ ਦੇ ਸਿਆਸੀ ਭਵਿੱਖ ਦਾ ਫੈਸਲਾ ਹੋਵੇਗਾ। 1.77 ਕਰੋੜ ਤੋਂ ਵੱਧ ਵੋਟਰ 9 ਸੀਟਾਂ ਲਈ ਚੋਣ ਮੈਦਾਨ ’ਚ 127 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਨ੍ਹਾਂ ’ਚ ਅਨੁਸੂਚਿਤ ਜਾਤੀਆਂ (ਐਸ.ਸੀ.) ਅਤੇ ਅਨੁਸੂਚਿਤ ਕਬੀਲਿਆਂ (ਐਸ.ਟੀ.) ਲਈ ਰਾਖਵੀਆਂ ਸੀਟਾਂ ਸ਼ਾਮਲ ਹਨ।  

ਛੱਤੀਸਗੜ੍ਹ ਦੀਆਂ 11 ਲੋਕ ਸਭਾ ਸੀਟਾਂ ’ਚੋਂ ਰਾਏਪੁਰ, ਦੁਰਗ, ਬਿਲਾਸਪੁਰ, ਜਾਜਗੀਰ-ਚੰਪਾ (ਐਸ.ਸੀ.), ਕੋਰਬਾ, ਸਰਗੁਜਾ (ਐਸ.ਟੀ.) ਅਤੇ ਰਾਏਗੜ੍ਹ (ਐਸ.ਟੀ.) ਸੀਟਾਂ ’ਤੇ  ਵੋਟਿੰਗ ਹੋਵੇਗੀ। ਛੱਤੀਸਗੜ੍ਹ ’ਚ ਤਿੰਨ ਪੜਾਵਾਂ ’ਚ ਚੋਣਾਂ ਹੋਣਗੀਆਂ। ਮਾਉਵਾਦੀ ਪ੍ਰਭਾਵਤ ਬਸਤਰ (ਐਸਟੀ) ’ਚ 19 ਅਪ੍ਰੈਲ ਨੂੰ ਅਤੇ ਰਾਜਨੰਦਗਾਓਂ, ਕਾਂਕੇਰ (ਐਸਟੀ) ਅਤੇ ਮਹਾਸਮੁੰਦ ਸੀਟਾਂ ਲਈ 26 ਅਪ੍ਰੈਲ ਨੂੰ ਵੋਟਾਂ ਪਈਆਂ ਸਨ।  ਛੱਤੀਸਗੜ੍ਹ ’ਚ 7 ਸੀਟਾਂ ਲਈ 168 ਉਮੀਦਵਾਰ ਮੈਦਾਨ ’ਚ ਹਨ, ਜਦਕਿ  ਯੋਗ ਵੋਟਰਾਂ ਦੀ ਗਿਣਤੀ 1,39,01,285 ਹੈ।  

ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ਵਿਚੋਂ 25 ਲੋਕ ਸਭਾ ਸੀਟਾਂ ਅਤੇ ਪੰਜ ਵਿਧਾਨ ਸਭਾ ਸੀਟਾਂ ’ਤੇ  ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਵੀ ਪ੍ਰਚਾਰ ਰੁਕ ਗਿਆ ਹੈ। ਕਾਂਗਰਸ ਦੇ ਨੀਲੇਸ਼ ਕੁੰਭਾਨੀ ਦੀ ਨਾਮਜ਼ਦਗੀ ਰੱਦ ਹੋਣ ਅਤੇ ਹੋਰ ਉਮੀਦਵਾਰਾਂ ਦੇ ਦਸਤਖਤਾਂ ’ਚ ਅੰਤਰ ਹੋਣ ਕਾਰਨ ਸੂਰਤ ਤੋਂ ਭਾਜਪਾ ਦੇ ਮੁਕੇਸ਼ ਦਲਾਲ ਪਹਿਲਾਂ ਹੀ ਬਿਨਾਂ ਮੁਕਾਬਲਾ ਜਿੱਤ ਚੁਕੇ ਹਨ। 

ਗੋਆ ਦੀਆਂ ਦੋ ਲੋਕ ਸਭਾ ਸੀਟਾਂ ’ਤੇ  11 ਲੱਖ ਤੋਂ ਵੱਧ ਵੋਟਰ ਅਪਣੇ  ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਹਨ। ਉੱਤਰੀ ਗੋਆ ਸੀਟ ਤੋਂ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਸ਼੍ਰੀਪਦ ਨਾਇਕ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਰਮਾਕਾਂਤ ਖਲਪ ਨਾਲ ਹੈ। ਦਖਣੀ ਗੋਆ ਸੀਟ ’ਤੇ  ਭਾਜਪਾ ਨੇ ਡੈਮਪੋ ਇੰਡਸਟਰੀਜ਼ ਦੀ ਕਾਰਜਕਾਰੀ ਨਿਰਦੇਸ਼ਕ ਪੱਲਵੀ ਡੇਮਪੋ ਨੂੰ ਕਾਂਗਰਸ ਦੇ ਵਿਰੀਆਤੋ ਫਰਨਾਂਡਿਸ ਦੇ ਵਿਰੁਧ  ਮੈਦਾਨ ’ਚ ਉਤਾਰਿਆ ਹੈ। ਦਖਣੀ ਗੋਆ ਲੋਕ ਸਭਾ ਸੀਟ ਇਸ ਸਮੇਂ ਕਾਂਗਰਸ ਦੇ ਫਰਾਂਸਿਸਕੋ ਸਰਡਿਨਹਾ ਕੋਲ ਹੈ। 

ਅਸਾਮ ਦੀਆਂ ਸਾਰੀਆਂ 14 ਸੀਟਾਂ ’ਤੇ  ਤੀਜੇ ਪੜਾਅ ’ਚ ਚਾਰ ਸੀਟਾਂ ਧੁਬਰੀ, ਬਾਰਪੇਟਾ, ਕੋਕਰਾਝਾਰ (ਐਸ.ਟੀ.) ਅਤੇ ਗੁਹਾਟੀ ਸੀਟਾਂ ’ਤੇ  ਵੋਟਿੰਗ ਹੋਵੇਗੀ।  
ਸ਼ਰਦ ਪਵਾਰ ਦੀ ਬੇਟੀ ਬਾਰਾਮਤੀ ਮਹਾਰਾਸ਼ਟਰ ਦੀਆਂ 48 ਸੀਟਾਂ ਵਿਚੋਂ 11 ਸੀਟਾਂ ’ਤੇ  ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੀ ਪਤਨੀ ਸੁਨੇਤਰਾ ਪਵਾਰ ਦੇ ਵਿਰੁਧ  ਚੋਣ ਲੜ ਰਹੀ ਹੈ। ਤੀਜੇ ਪੜਾਅ ’ਚ ਰਾਏਗੜ੍ਹ, ਓਸਮਾਨਾਬਾਦ, ਲਾਤੂਰ, ਸੋਲਾਪੁਰ, ਮਾਧਾ, ਸਾਂਗਲੀ, ਸਤਾਰਾ, ਰਤਨਾਗਿਰੀ-ਸਿੰਧੂਦੁਰਗ, ਕੋਲਹਾਪੁਰ ਅਤੇ ਹਾਟਕਨੰਗਲੇ ਸੀਟਾਂ ’ਤੇ  ਵੀ ਵੋਟਿੰਗ ਹੋਵੇਗੀ।