ਗੁਜਰਾਤ ’ਚ ਲੋਕ ਸਭਾ ਚੋਣਾਂ ਲੜ ਰਹੇ 35 ਮੁਸਲਿਮ ਉਮੀਦਵਾਰਾਂ ’ਚੋਂ ਕਾਂਗਰਸ ਨੇ ਇਕ ਸੇ ਨੂੰ ਵੀ ਟਿਕਟ ਨਹੀਂ ਦਿਤੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇ ਰਵਾਇਤੀ ਤੌਰ ’ਤੇ ਭਰੂਚ ਤੋਂ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਉਤਾਰਦੀ ਸੀ, ਇਸ ਵਾਰੀ ਇਹ ਸੀਟ ‘ਆਪ’ ਕੋਲ ਹੈ

Congress

ਅਹਿਮਦਾਬਾਦ: ਗੁਜਰਾਤ ’ਚ ਮੁਸਲਿਮ ਭਾਈਚਾਰੇ ਦੇ 35 ਉਮੀਦਵਾਰ ਲੋਕ ਸਭਾ ਚੋਣਾਂ ਲੜ ਰਹੇ ਹਨ ਪਰ ਕਾਂਗਰਸ ਨੇ ਇਸ ਵਾਰ ਅਪਣੀ ਪਰੰਪਰਾ ਨੂੰ ਤੋੜਿਆ ਹੈ ਅਤੇ ਸੂਬੇ ’ਚ ਇਸ ਭਾਈਚਾਰੇ ਦੇ ਇਕ ਵੀ ਵਿਅਕਤੀ ਨੂੰ ਟਿਕਟ ਨਹੀਂ ਦਿਤੀ ਹੈ। 

ਕਾਂਗਰਸ ਨੇ ਦਲੀਲ ਦਿਤੀ ਹੈ ਕਿ ਇਸ ਵਾਰ ਭਰੂਚ ਲੋਕ ਸਭਾ ਸੀਟ ਵਿਰੋਧੀ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟ ਅਲਾਇੰਸ) ਗੱਠਜੋੜ ਦੇ ਭਾਈਵਾਲਾਂ ਵਿਚਾਲੇ ਸੀਟਾਂ ਦੀ ਵੰਡ ਦੇ ਸਮਝੌਤੇ ਤਹਿਤ ਆਮ ਆਦਮੀ ਪਾਰਟੀ (ਆਪ) ਨੂੰ ਮਿਲੀ ਹੈ। ਕਾਂਗਰਸ ਨੇ ਰਵਾਇਤੀ ਤੌਰ ’ਤੇ ਭਰੂਚ ਤੋਂ ਮੁਸਲਿਮ ਉਮੀਦਵਾਰ ਨੂੰ ਮੈਦਾਨ ’ਚ ਉਤਾਰਦੀ ਸੀ। 

ਕੌਮੀ ਪਾਰਟੀਆਂ ਵਿਚੋਂ ਸਿਰਫ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਗਾਂਧੀਨਗਰ ਤੋਂ ਇਕ ਮੁਸਲਿਮ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਿਆ ਹੈ। ਸੂਬੇ ’ਚ 7 ਮਈ ਨੂੰ ਵੋਟਾਂ ਪੈਣਗੀਆਂ। ਬਸਪਾ ਨੇ 2019 ਦੀਆਂ ਲੋਕ ਸਭਾ ਚੋਣਾਂ ’ਚ ਪੰਚਮਹਿਲ ਤੋਂ ਇਕ ਮੁਸਲਿਮ ਉਮੀਦਵਾਰ ਵੀ ਉਤਾਰਿਆ ਸੀ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਗੁਜਰਾਤ ਦੀਆਂ 26 ਲੋਕ ਸਭਾ ਸੀਟਾਂ ’ਚੋਂ 25 ’ਤੇ ਇਸ ਵਾਰ 35 ਮੁਸਲਿਮ ਉਮੀਦਵਾਰ ਚੋਣ ਲੜ ਰਹੇ ਹਨ। 

ਭਾਈਚਾਰੇ ਦੇ ਜ਼ਿਆਦਾਤਰ ਉਮੀਦਵਾਰ ਜਾਂ ਤਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਜਾਂ ਛੋਟੀਆਂ ਪਾਰਟੀਆਂ ਨੇ ਉਨ੍ਹਾਂ ਨੂੰ ਮੈਦਾਨ ’ਚ ਉਤਾਰਿਆ ਹੈ। ਗੁਜਰਾਤ ਕਾਂਗਰਸ ਦੇ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਵਜ਼ੀਰ ਖਾਨ ਪਠਾਨ ਨੇ ਕਿਹਾ, ‘‘ਪਾਰਟੀ ਨੇ ਰਵਾਇਤੀ ਤੌਰ ’ਤੇ ਸੂਬੇ ’ਚ ਲੋਕ ਸਭਾ ਚੋਣਾਂ ’ਚ ਮੁਸਲਿਮ ਭਾਈਚਾਰੇ ਤੋਂ ਘੱਟੋ-ਘੱਟ ਇਕ ਉਮੀਦਵਾਰ ਨੂੰ ਮੈਦਾਨ ’ਚ ਉਤਾਰਿਆ ਹੈ ਪਰ ਇਸ ਵਾਰ ਇਹ ਸੰਭਵ ਨਹੀਂ ਹੋ ਸਕਿਆ ਕਿਉਂਕਿ ਇਹ ਸੀਟ ‘ਆਪ’ ਨੂੰ ਮਿਲੀ ਸੀ।’’

ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਨੇ ਗੁਜਰਾਤ ਦੀ ਇਕ ਸੀਟ ਤੋਂ ਉਮੀਦਵਾਰ ਉਤਾਰਨ ਦੀ ਪੇਸ਼ਕਸ਼ ਕੀਤੀ ਸੀ ਪਰ ਭਾਈਚਾਰੇ ਦੇ ਮੈਂਬਰਾਂ ਨੇ ਜਿੱਤ ਦੀ ਸੰਭਾਵਨਾ ਘੱਟ ਹੋਣ ਕਾਰਨ ਇਨਕਾਰ ਕਰ ਦਿਤਾ ਸੀ। 22 ਅਪ੍ਰੈਲ ਨੂੰ ਪ੍ਰਕਾਸ਼ਿਤ ਉਮੀਦਵਾਰਾਂ ਦੀ ਅੰਤਿਮ ਸੂਚੀ ਅਨੁਸਾਰ ਗੁਜਰਾਤ ’ਚ 7 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਕੁਲ 266 ਉਮੀਦਵਾਰ ਮੈਦਾਨ ’ਚ ਹਨ। ਗੁਜਰਾਤ ਦੀਆਂ 26 ਸੀਟਾਂ ਵਿਚੋਂ ਸੂਰਤ ਭਾਜਪਾ ਦੇ ਉਮੀਦਵਾਰ ਮੁਕੇਸ਼ ਦਲਾਲ ਨੂੰ ਪਿਛਲੇ ਹਫਤੇ ਨਿਰਵਿਰੋਧ ਚੁਣੇ ਜਾਣ ਤੋਂ ਬਾਅਦ ਮਿਲੀ ਸੀ।