ਡਿਊਟੀ ਦੌਰਾਨ ਸੌਂ ਗਿਆ ਸਟੇਸ਼ਨ ਮਾਸਟਰ, ਰੇਲ ਗੱਡੀ ਨੂੰ ਅੱਧੇ ਘੰਟੇ ਲਈ ਹਰੀ ਝੰਡੀ ਦੀ ਉਡੀਕ ਕਰਨੀ ਪਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਟੇਸ਼ਨ ਮਾਸਟਰ ਨੂੰ ਚਾਰਜਸ਼ੀਟ ਜਾਰੀ, ਲਾਪਰਵਾਹੀ ਦਾ ਕਾਰਨ ਪੁਛਿਆ

Representative Image.

ਨਵੀਂ ਦਿੱਲੀ: ਪਟਨਾ-ਕੋਟਾ ਐਕਸਪ੍ਰੈਸ ਰੇਲ ਗੱਡੀ ਉੱਤਰ ਪ੍ਰਦੇਸ਼ ਦੇ ਇਟਾਵਾ ਨੇੜੇ ਉਦੀ ਮੋੜ ਰੇਲਵੇ ਸਟੇਸ਼ਨ ’ਤੇ ਲਗਭਗ ਅੱਧਾ ਘੰਟਾ ਸਿਰਫ਼ ਇਸ ਲਈ ਖੜੀ ਹਰੀ ਝੰਡੀ ਦੀ ਉਡੀਕ ਕਰਦੀ ਰਹੀ ਕਿਉਂਕਿ ਸਟੇਸ਼ਨ ਮਾਸਟਰ ਡਿਊਟੀ ਦੌਰਾਨ ਸੌਂ ਗਿਆ ਸੀ। ਸ਼ੁਕਰਵਾਰ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਗਰਾ ਰੇਲਵੇ ਡਿਵੀਜ਼ਨ ਨੇ ਸਟੇਸ਼ਨ ਮਾਸਟਰ ਨੂੰ ਲਾਪਰਵਾਹੀ ਦਾ ਕਾਰਨ ਦੱਸਣ ਲਈ ਕਿਹਾ ਹੈ, ਜਿਸ ਦੇ ਨਤੀਜੇ ਵਜੋਂ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਸੀ। ਇਹ ਸਟੇਸ਼ਨ ਆਗਰਾ ਡਿਵੀਜ਼ਨ ਦੇ ਅਧੀਨ ਆਉਂਦਾ ਹੈ। 

ਆਗਰਾ ਰੇਲਵੇ ਡਿਵੀਜ਼ਨ ਦੀ ਲੋਕ ਸੰਪਰਕ ਅਧਿਕਾਰੀ (ਪੀ.ਆਰ.ਓ.) ਪ੍ਰਸ਼ਾਸਤੀ ਸ਼੍ਰੀਵਾਸਤਵ ਨੇ ਕਿਹਾ, ‘‘ਅਸੀਂ ਸਟੇਸ਼ਨ ਮਾਸਟਰ ਨੂੰ ਚਾਰਜਸ਼ੀਟ ਜਾਰੀ ਕਰ ਦਿਤੀ ਹੈ ਅਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ।’’ ਰੇਲਵੇ ਅਧਿਕਾਰੀਆਂ ਨੇ ਦਸਿਆ ਕਿ ਉਦੀ ਮੋੜ ਰੇਲਵੇ ਸਟੇਸ਼ਨ ਇਟਾਵਾ ਤੋਂ ਪਹਿਲਾਂ ਆਉਣ ਵਾਲਾ ਇਕ ਛੋਟਾ ਪਰ ਮਹੱਤਵਪੂਰਨ ਸਟੇਸ਼ਨ ਹੈ ਕਿਉਂਕਿ ਆਗਰਾ ਦੇ ਨਾਲ-ਨਾਲ ਝਾਂਸੀ ਤੋਂ ਪ੍ਰਯਾਗਰਾਜ ਜਾਣ ਵਾਲੀਆਂ ਰੇਲ ਗੱਡੀਆਂ ਵੀ ਇਸ ਸਟੇਸ਼ਨ ਤੋਂ ਲੰਘਦੀਆਂ ਹਨ। 

ਸੂਤਰਾਂ ਮੁਤਾਬਕ ਟ੍ਰੇਨ ਦੇ ਲੋਕੋ ਪਾਇਲਟ ਨੂੰ ਸਟੇਸ਼ਨ ਮਾਸਟਰ ਨੂੰ ਜਗਾਉਣ ਲਈ ਕਈ ਵਾਰ ਹਾਰਨ ਵਜਾਉਣਾ ਪਿਆ ਤਾਕਿ ਉਹ ਰੇਲ ਗੱਡੀ ਨੂੰ ਲੰਘਣ ਲਈ ਹਰੀ ਝੰਡੀ ਦੇ ਸਕੇ। ਇਕ ਸੂਤਰ ਨੇ ਦਸਿਆ ਕਿ ਸਟੇਸ਼ਨ ਮਾਸਟਰ ਨੇ ਅਪਣੀ ਗਲਤੀ ਮਨਜ਼ੂਰ ਕਰ ਲਈ ਹੈ ਅਤੇ ਇਸ ਗਲਤੀ ਲਈ ਮੁਆਫੀ ਮੰਗੀ ਹੈ। ਉਸ ਨੇ ਕਿਹਾ ਕਿ ਉਹ ਸਟੇਸ਼ਨ ’ਤੇ ਇਕੱਲਾ ਸੀ ਕਿਉਂਕਿ ਉਸ ਦੇ ਨਾਲ ਡਿਊਟੀ ’ਤੇ ਤਾਇਨਾਤ ਪੁਆਇੰਟਮੈਨ ਟਰੈਕ ਦੀ ਜਾਂਚ ਕਰਨ ਗਿਆ ਸੀ।