ਭਾਜਪਾ ਨੇ ਕੇਜਰੀਵਾਲ ’ਤੇ ਰਾਸ਼ਟਰਗਾਨ ਦੇ ‘ਅਪਮਾਨ’ ਦਾ ਦੋਸ਼ ਲਾਇਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਧਿਕਾਰੀ ਨੇ ਦੋਸ਼ ਤੋਂ ਕੀਤਾ ਇਨਕਾਰ

Arvind Kejriwal

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਦਿੱਲੀ ਇਕਾਈ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ’ਤੇ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਇਥੇ ਇਕ ਪ੍ਰੋਗਰਾਮ ’ਚ ਰਾਸ਼ਟਰਗਾਨ ’ਚ ਹਿੱਸਾ ਨਾ ਲੈ ਕੇ ਇਸ ਦਾ ‘ਅਪਮਾਨ’ ਕੀਤਾ ਹੈ। 

ਹਾਲਾਂਕਿ, ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਇਸ ਦੋਸ਼ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋਗਰਾਮ ਜਾਰੀ ਸੀ ਅਤੇ ਮੁੱਖ ਮੰਤਰੀ ਨੂੰ ਕਿਸੇ ਜ਼ਰੂਰੀ ਕੰਮ ਤੋਂ ਜਾਣਾ ਪਿਆ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਦੇ ਅਖ਼ੀਰ ’ਚ ਰਾਸ਼ਟਰਗਾਨ ਵਜਾਇਆ ਜਾਣਾ ਸੀ। 

ਕੇਜਰੀਵਾਲ ਨੇ ਤਿਆਗਰਾਜ ਸਟੇਡੀਅਮ ’ਚ ਵਿਸ਼ਵ ਵਾਤਾਵਰਣ ਦਿਵਸ ਦੇ ਪ੍ਰੋਗਰਾਮ ’ਚ ਹਿੱਸਾ ਲਿਆ ਅਤੇ ਰਵਾਨਾ ਹੋਣ ਤੋਂ ਪਹਿਲਾਂ ਇਸ ਮੌਕੇ ’ਤੇ ਇਕ ਸਭਾ ਨੂੰ ਸੰਬੋਧਨ ਕੀਤਾ। 

ਪ੍ਰੋਗਰਾਮ ਤੋਂ ਬਾਅਦ ਭਾਜਪਾ ਦੀ ਦਿੱਲੀ ਇਕਾਈ ਨੇ ਪ੍ਰੋਗਰਾਮ ਦਾ ਇਕ ਵੀਡੀਓ ਕਲਿਪ ਸਾਂਝਾਂ ਕਰਦਿਆਂ ਟਵੀਟ ਕੀਤਾ। ਸੂਬਾ ਭਾਜਪਾ ਨੇ ਟਵੀਟ ਕੀਤਾ, ‘‘ਇਹ ਕਿਹੀ ਕੱਟੜ ਦੇਸ਼ਭਗਤੀ ਹੈ ਆਮ ਆਦਮੀ ਪਾਰਟੀ ਦੀ... ਉਨ੍ਹਾਂ (ਅਰਵਿੰਦ ਕੇਜਰੀਵਾਲ) ਨੇ ਰਾਸ਼ਟਰਗਾਨ ਦੀ ਵੀ ਉਡੀਕ ਨਹੀਂ ਕੀਤੀ।’’

ਭਾਜਪਾ ਦੇ ਸੂਬਾ ਮੁਖੀ ਵੀਰੇਂਦਰ ਸਚਦੇਵਾ ਅਤੇ ਸੰਸਦ ਮੈਂਬਰ ਮਨੋਜ ਤਿਵਾਰੀ ਸਮੇਤ ਪਾਰਟੀ ਦੇ ਕੁਝ ਆਗੂਆਂ ਨੇ ਵੀ ਇਸ ਮੁੱਦੇ ’ਤੇ ਟਵੀਟ ਕੀਤਾ। 

ਹਾਲਾਂਕਿ ਦਿੱਲੀ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਸ਼ਟਰਗਾਨ ਦਾ ਐਲਾਨ ਜਲਦਬਾਜ਼ੀ ’ਚ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ, ‘‘ਪ੍ਰੋਟੋਕਾਲ ਅਨੁਸਾਰ ਰਾਸ਼ਟਰਗਾਨ ਹਮੇਸ਼ਾ ਕਿਸੇ ਪ੍ਰੋਗਰਾਮ ਦੀ ਸ਼ੁਰੂਆਤ ਅਤੇ ਅੰਤ ’ਚ ਵਜਾਇਆ ਜਾਂਦਾ ਹੈ। ਪ੍ਰੋਗਰਾਮ ਜਾਰੀ ਹੀ ਸੀ ਕਿ ਮੁੱਖ ਮੰਤਰੀ ਨੂੰ ਜਾਣਾ ਪਿਆ ਜਦੋਂ ਮੁੱਖ ਮੰਤਰੀ ਜਾ ਰਹੇ ਸਨ, ਤਾਂ ਸੰਚਾਨ ਨੇ ਜਲਦਬਾਜ਼ੀ ’ਚ ਰਾਸ਼ਟਰਗਾਨ ਦਾ ਐਲਾਨ ਕਰ ਦਿਤਾ। ਉਸ ਸਮੇਂ ਤਕ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਵੀ ਸਭਾ ਨੂੰ ਸੰਬੋਧਨ ਨਹੀਂ ਕੀਤਾ ਸੀ।’’