ਗੁਜਰਾਤ : ਦਲਿਤ ਵਲੋਂ ਗੇਂਦ ਚੁੱਕਣ ’ਤੇ ਹੋਇਆ ਝਗੜਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਥਿਤ ਉੱਚੀ ਜਾਤ ਵਾਲੇ ਚਾਚੇ ਦਾ ਅੰਗੂਠਾ ਕੱਟ ਕੇ ਹੋਏ ਫ਼ਰਾਰ

Case of atrocities against Dalit was registered.

ਪਾਟਨ (ਗੁਜਰਾਤ), 5 ਜੂਨ: ਗੁਜਰਾਤ ਦੇ ਪਾਟਨ ਜ਼ਿਲ੍ਹੇ ’ਚ ਸਕੂਲ ਦੇ ਖੇਤ ਦੇ ਮੈਦਾਨ ਦੇ ਮੈਚ ਦੌਰਾਨ ਇਕ ਦਲਿਤ ਵਿਅਕਤੀ ਦੇ ਭਤੀਜੇ ਵਲੋਂ ਕ੍ਰਿਕੇਟ ਦੀ ਗੇਂਦ ਚੁੱਕਣ ’ਤੇ ਲੋਕਾਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਉਸ ’ਤੇ ਹਮਲਾ ਕਰ ਦਿਤਾ ਅਤੇ ਉਸ ਦਾ ਅੰਗੂਠਾ ਕੱਟ ਦਿਤਾ। 

ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਐਤਵਾਰ ਨੂੰ ਜ਼ਿਲ੍ਹੇ ਦੇ ਕਾਕੋਸ਼ੀ ਪਿੰਡ ’ਚ ਵਾਪਰੀ। ਐਫ਼.ਆਈ.ਆਰ. ਅਨੁਸਾਰ ਮੁਲਜ਼ਮ ਨੇ ਗੁੱਸੇ ਉਸ ਮੁੰਡੇ ਨੂੰ ਧਮਕੀ ਦਿਤੀ, ਜਿਸ ਨੇ ਪਿੰਡ ਦੇ ਇਕ ਸਕੂਲ ਦੇ ਖੇਡ ਦੇ ਮੈਦਾਨ ’ਚ ਕ੍ਰਿਕੇਟ ਮੈਚ ਵੇਖਣ ਦੌਰਾਨ ਗੇਂਦ ਚੁੱਕੀ ਸੀ। 

ਅਧਿਕਾਰੀ ਨੇ ਦਸਿਆ ਕਿ ਮੁਲਜ਼ਮਾਂ ਨੇ ਦਲਿਤਾਂ ਦੀ ਬੇਇੱਜ਼ਤੀ ਕਰਨ ਅਤੇ ਉਨ੍ਹਾਂ ਨੂੰ ਧਮਕਾਉਣ ਦੇ ਇਰਾਦੇ ਨਾਲ ਕਥਿਤ ਤੌਰ ’ਤੇ ਜਾਤੀਵਾਦੀ ਟਿਪਣੀਆਂ ਵੀ ਕੀਤੀਆਂ। ਉਨ੍ਹਾਂ ਦਸਿਆ ਕਿ ਜਦੋਂ ਮੁੰਡੇ ਦੇ ਚਾਚਾ ਧੀਰਜ ਪਰਮਾਰ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਤਾਂ ਕੁਝ ਸਮੇਂ ਤਕ ਮਾਮਲਾ ਸ਼ਾਂਤ ਰਿਹਾ। 

ਹਾਲਾਂਕਿ ਬਾਅਦ ’ਚ ਸ਼ਾਮ ਨੂੰ ਧਾਰਦਾਰ ਹਥਿਆਰਾਂ ਨਾਲ ਲੈਸ 7 ਵਿਅਕਤੀਆਂ ਨੇ ਸ਼ਿਕਾਇਤਕਰਤਾ ਧੀਰਜ ਅਤੇ ਉਸ ਦੇ ਭਰਾ ਕੀਰਤੀ ’ਤੇ ਹਮਲਾ ਕੀਤਾ। ਉਨ੍ਹਾਂ ਨੇ ਦਸਿਆ ਕਿ ਇਕ ਮੁਲਜ਼ਮ ਨੇ ਕੀਰਤੀ ਦਾ ਅੰਗੂਠਾ ਕੱਟ ਦਿਤਾ ਅਤੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ। 

ਜ਼ਿਕਰਯੋਗ ਹੈ ਕਿ ਬੀਤੀ 2 ਜੂਨ ਨੂੰ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿਸ ’ਚ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਇੱਕ ਪਿੰਡ ਵਿਚ ਚੰਗੇ ਕੱਪੜੇ ਅਤੇ ਐਨਕਾਂ ਪਹਿਨੇ ਇੱਕ ਦਲਿਤ ਵਿਅਕਤੀ ਨੇ ਕੁਝ ਉੱਚ ਜਾਤੀ ਦੇ ਲੋਕਾਂ ਨੂੰ ਗੁੱਸੇ ਵਿਚ ਲਿਆ, ਜਿਨ੍ਹਾਂ ਨੇ ਕਥਿਤ ਤੌਰ 'ਤੇ ਉਸ ਅਤੇ ਉਸਦੀ ਮਾਂ 'ਤੇ ਹਮਲਾ ਕਰ ਦਿਤਾ।