ਕੁੜੀ ਨੇ ਪੁਲਿਸ ਨੂੰ ਫ਼ੋਨ ਕਰਕੇ ਰੁਕਵਾਇਆ ਅਪਣਾ ਵਿਆਹ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਅੱਗੇ ਪੜ੍ਹਨਾ ਚਾਹੁੰਦੀ ਸੀ, ਇਸ ਲਈ ਨਾਬਾਲਗ ਨੇ ਪੁਲਿਸ ਨੂੰ ਫ਼ੋਨ ਕੀਤਾ

Girl wants to study till graduation.

ਇੱਲੂਰ (ਆਂਧਰ ਪ੍ਰਦੇਸ਼): ਆਂਧਰ ਪ੍ਰਦੇਸ਼ ’ਚ ਇਕ ਕੁੜੀ ਪੜ੍ਹ-ਲਿਖ ਕੇ ਕੁਝ ਬਣਨਾ ਚਾਹੁੰਦੀ ਸੀ, ਪਰ ਘਰ ਵਾਲੇ ਉਸ ਦੀ ਵਿਆਹ ਕਰਨ ’ਤੇ ਅੜੇ ਹੋਏ ਸਨ। ਘਰ ਵਾਲਿਆਂ ਦੇ ਜਿਦ ’ਤੇ ਅੜੇ ਰਹਿਣ ਕਰਕੇ ਆਖ਼ਰ ਕੁੜੀ ਨੇ ਅਪਣੇ ਵਿਆਹ ਤੋਂ ਤਿੰਨ ਦਿਨ ਪਹਿਲਾਂ ਮਹਿਲਾ ਪੁਲਿਸ ਹੈਲਪਲਾਈਨ ‘ਦਿਸ਼ਾ’ ਨੂੰ ਫ਼ੋਨ ਕੀਤਾ ਅਤੇ ਅਪਣਾ ਵਿਆਹ ਰੁਕਵਾ ਦਿਤਾ। 

ਕੁੜੀ ਇਲੂਰ ਜ਼ਿਲ੍ਹੇ ਦੇ ਕਮਵਰਾਪੁਕੋਟਾ ਦੇ ਵੇਂਕਟਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਮਾਤਾ-ਪਿਤਾ ਨੇ 8 ਜੂਨ (ਵੀਰਵਾਰ) ਨੂੰ ਉਸ ਦਾ ਵਿਆਹ ਤੈਅ ਕੀਤਾ ਸੀ। 
ਸੋਮਵਾਰ ਨੂੰ ਪੁਲਿਸ ਨੇ ਪ੍ਰੈੱਸ ਨੋਟ ਸਾਂਝਾ ਕਰ ਕੇ ਕਿਹਾ, ‘‘ਕੁੜੀ ਨੇ ਕਿਹਾ ਕਿ ਉਹ ਪੜ੍ਹਾਈ ਜਾਰੀ ਰਖਣਾ ਚਾਹੁੰਦੀ ਹੈ ਅਤੇ ਵਿਆਹ ਨਹੀਂ ਕਰਨਾ ਚਾਹੁੰਦੀ। ਇਸ ਲਈ ਉਸ ਨੇ ਮਹਿਲਾ ਪੁਲਿਸ ਹੈਲਪਲਾਈਨ ‘ਦਿਸ਼ਾ’ ਐਸ.ਓ.ਐਸ. ਨੂੰ ਫ਼ੋਨ ਕੀਤਾ ਅਤੇ ਰੋਣ ਲੱਗੀ।’’

ਫ਼ੋਨ ’ਤੇ ਗੱਲ ਕਰਨ ਤੋਂ ਕੁਝ ਹੀ ਮਿੰਟਾਂ ਬਾਅਦ ਤਲਿਕੜਾਪੁਲੀ ਤੋਂ ਪੁਲਿਸ ਕੁੜੀ ਦੇ ਘਰ ਪਹੁੰਚ ਗਈ। ਕੁੜੀ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਇੱਛਾ ਵਿਰੁਧ ਉਸ ਦਾ ਵਿਆਹ ਤੈਅ ਕਰ ਦਿਤਾ ਹੈ। 

ਨਾਬਾਲਗ ਕੁੜੀ ਨੇ ਪੁਲਿਸ ਨੂੰ ਦਸਿਆ ਕਿ ਉਹ ਚੰਗੇ ਨੰਬਰਾਂ ਨਾਲ 10ਵੀਂ ਪਾਸ ਕਰ ਚੁਕੀ ਹੈ ਅਤੇ ਘੱਟ ਤੋਂ ਘੱਟ ਗਰੈਜੁਏਸ਼ਨ ਕਰਨਾ ਚਾਹੁੰਦੀ ਹੈ। ਕੁੜੀ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਪਣੇ ਮਾਪਿਆਂ ਦੀਆਂ ਹਦਾਇਤਾਂ ਅਨੁਸਾਰ ਵਿਆਹ ਕਰਨ ਦਾ ਵਾਅਦਾ ਕੀਤਾ। ਪੁਲਿਸ ਦੇ ਸਮਝਾਉਣ ਤੋਂ ਬਾਅਦ ਉਸ ਦੇ ਮਾਪੇ ਮੰਨ ਗਏ ਅਤੇ ਕੁੜੀ ਦਾ ਵਿਆਹ ਰੱਦ ਕਰ ਦਿਤਾ। 

ਪੁਲਿਸ ਮੁਤਾਬਕ ਮਾਤਾ-ਪਿਤਾ ਕੁੜੀ ਦਾ ਛੇਤੀ ਵਿਆਹ ਇਸ ਲਈ ਕਰਨਾ ਚਾਹੁੰਦੇ ਸਨ ਕਿਉਂਕਿ ਉਹ ਉਸ ਦੀ ਪੜ੍ਹਾਈ ਦਾ ਖ਼ਰਚ ਨਹੀਂ ਚੁਕ ਸਕਦੇ ਸਨ।