ਮਿਸਾਲ : ਇਲਾਹਾਬਾਦ 'ਚ ਕੁੰਭ ਸ਼ਰਧਾਲੂਆਂ ਲਈ ਮੁਸਲਮਾਨਾਂ ਨੇ ਢਾਹਿਆ ਮਸਜਿਦ ਦਾ ਹਿੱਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਇਲਾਹਬਾਦ ਵਿਚ ਮੁਸਲਿਮਾਂ ਨੇ ਸੰਪਰਦਾਇਕਤਾ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਇੱਥੇ ਅਗਲੇ ਸਾਲ ਸ਼ੁਰੂ ਹੋਣ ਜਾ ਰਹੇ ...

kumbh mela

ਇਲਾਹਾਬਾਦ : ਉਤਰ ਪ੍ਰਦੇਸ਼ ਦੇ ਇਲਾਹਬਾਦ ਵਿਚ ਮੁਸਲਿਮਾਂ ਨੇ ਸੰਪਰਦਾਇਕਤਾ ਦੀ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਇੱਥੇ ਅਗਲੇ ਸਾਲ ਸ਼ੁਰੂ ਹੋਣ ਜਾ ਰਹੇ ਕੁੰਭ ਮੇਲੇ ਨੂੰ ਲੈ ਕੇ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਤਿਆਰੀਆਂ ਦੇ ਵਿਚਕਾਰ ਸੜਕ ਨੂੰ ਚੌੜਾ ਕਰਨ ਲਈ ਮੁਸਲਮਾਨਾਂ ਨੇ ਵਿਚਕਾਰ ਆ ਰਹੀ ਮਸਜਿਦ ਦੇ ਕੁੱਝ ਹਿੱਸਿਆਂ ਨੂੰ ਢਾਹ ਦਿਤਾ। ਕੁੰਭ ਮੇਲੇ ਦਾ ਆਯੋਜਨ ਇਲਾਹਾਬਾਦ ਦੇ ਪ੍ਰਯਾਗ ਵਿਚ 14 ਜਨਵਰੀ 2019 ਤੋਂ ਲੈ ਕੇ 4 ਮਾਰਚ 2019 ਤਕ ਹੋਣ ਜਾ ਰਿਹਾ ਹੈ। ਇਲਾਹਾਬਾਦ ਡਿਵੈਲਪਮੈਂਟ ਅਥਾਰਟੀ (ਏਡੀਏ) ਦੇ ਅਧਿਕਾਰੀਆਂ ਮੁਤਾਬਕ ਵੱਡੀ ਗਿਣਤੀ ਵਿਚ

ਸ਼ਰਧਾਲੂਆਂ ਦੇ ਆਉਣ ਦੀ ਉਮੀਦ ਨੂੰ ਲੈ ਕੇ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਸਤੇ ਵਿਚ ਆਉਣ ਵਾਲੀਆਂ ਇਮਾਰਤਾਂ ਅਤੇ ਧਾਰਮਿਕ ਲਿਹਾਜ ਨਾਲ ਮਹੱਤਵਪੂਰਨ ਸਥਾਨਾਂ ਨੂੰ ਹਟਾਇਆ ਜਾ ਰਿਹਾ ਹੈ। ਸੜਕ ਦੇ ਚੌੜਾ ਕਰਨ ਦੀ ਇਹ ਯੋਜਨਾ ਸਤੰਬਰ ਜਾਂ ਅਕਤੂਬਰ ਤਕ ਪੂਰੀ ਹੋ ਜਾਵੇਗੀ। ਪੂਰੇ ਮਾਮਲੇ ਤੋਂ ਜਾਣੂ ਕਰਵਾਉਂਦਿਆਂ ਇਕ ਅਧਿਕਾਰੀ ਨੇ ਦਸਿਆ ਕਿ ਇਲਾਹਾਬਾਦ ਡਿਵੈਲਪਮੈਂਟ ਅਥਾਰਟੀ ਕਿਸੇ ਵੀ ਧਾਰਮਿਕ ਸਮਾਜ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਹੈ ਅਤੇ ਸਬੰਧਤ ਲੋਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਖ਼ੁਦ ਹੀ ਉਸ ਦੇ ਹਿੱਸਿਆਂ ਨੂੰ ਤੋੜਨ ਲਈ ਸਮਝਾ ਰਹੀ ਹੈ।

ਰਾਜਰੂਪਪੁਰ ਇਲਾਕੇ ਵਿਚ ਸਥਿਤ ਮਸਜਿਦ ਏ ਕਾਦਰੀ ਦੇ ਮੁਤਾਵੱਲੀ (ਕੇਅਰਟੇਕਰ) ਇਰਸ਼ਾਦ ਹੁਸੈਨ ਨੇ ਦਸਿਆ ਕਿ ਮਸਜਿਦ ਦਾ ਕੁੱਝ ਹਿੱਸਾ ਸਮਾਜ ਦੇ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਢਾਹ ਦਿਤਾ ਗਿਆ। ਉਨ੍ਹਾਂ ਕਿਹਾ ਕਿ ਕੁੰਭ ਦੌਰਾਨ ਸੰਗਮ ਵਿਚ ਡੁਬਕੀ ਲਗਾਉਣ ਲਈ ਆਉਣ ਵਾਲੇ ਸ਼ਰਧਾਲੂਆਂ ਦੇ ਕਾਰਨ ਸੜਕ ਨੂੰ ਚੌੜੀ ਕਰਨ ਦਾ ਫੈਸਲਾ ਲਿਆ ਗਿਆ ਹੈ, ਜਿਸ ਦੀਆਂ ਤਿਆਰੀਆਂ ਲਈ ਇਹ ਕੰਮ ਕੀਤਾ ਗਿਆ ਹੈ। ਹੁਸੈਨ ਨੇ ਅੱਗੇ ਕਿਹਾ ਕਿ ਮੁਸਲਮਾਨਾਂ ਨੇ ਇਸ ਦਾ ਵਿਰੋਧ ਕਰਨ ਦੀ ਬਜਾਏ ਖ਼ੁਦ ਹੀ ਅੱਗੇ ਹੋ ਕੇ ਇਹ ਕਦਮ ਉਠਾਇਆ। 

ਸਰਦਾਰ ਪਟੇਲ ਮਾਰਗ ਸਥਿਤ ਤਿਰਪਾਲੀ ਵਾਲੀ ਮਸਜਿਦ ਨੂੰ ਸੜਕ ਚੌੜੀਕਰਨ ਯੋਜਨਾ ਤਹਿਤ ਨੋਟਿਸ ਮਿਲਿਆ ਸੀ। ਨੋਟਿਸ ਮਿਲਣ ਤੋਂ ਬਾਅਦ ਮਸਜਿਦ ਇੰਤਜ਼ਾਮੀਆ ਕਮੇਟੀ ਨੇ ਜੂਨ ਦੇ ਅੱਧ ਵਿਚ ਮਸਜਿਦ ਤੋੜ ਕੇ ਮਿਸਾਲ ਪੇਸ਼ ਕੀਤੀ ਸੀ। ਰਾਜਰੂਪਪੁਰ ਵਿਚ ਵੀ ਮਸਜਿਦ ਏ ਕਾਦਰੀ ਨੂੰ ਨੋਟਿਸ ਮਿਲਿਆ ਸੀ। ਪਿਛਲੇ ਮਹੀਨੇ ਰਾਜਰੂਪਪੁਰ ਵਿਚ ਸੜਕ ਚੌੜੀਕਰਨ ਦੀ ਜੱਦ ਵਿਚ ਆਏ ਮਕਾਨ ਤੋੜੇ ਗਏ ਸਨ। ਉਸ ਸਮੇਂ ਰਮਜ਼ਾਨ ਦਾ ਮਹੀਨਾ ਸੀ। ਮਸਜਿਦ ਇੰਤਜ਼ਾਮੀਆ ਕਮੇਟੀ ਨੇ ਰਮਜ਼ਾਨ ਤੋਂ ਬਾਅਦ ਖ਼ੁਦ ਮਸਜਿਦ ਤੋੜਨ ਦਾ ਏਡੀਏ ਪ੍ਰਸ਼ਾਸਨ ਨੂੰ ਭਰੋਸਾ ਦਿਤਾ ਸੀ। 

ਕਮੇਟੀ ਦੇ ਮੈਂਬਰ ਨਵਲਾਖ਼ ਸਿੱਦੀਕੀ ਦਸਦੇ ਹਨ ਕਿ ਈਦ ਤੋਂ ਬਾਅਦ ਸੜਕ ਚੌੜੀਕਰਨ ਦੀ ਜੱਦ ਵਿਚ ਆਇਆ ਹਿੱਸਾ ਤੋੜ ਦੇਵਾਂਗੇ। ਈਦ ਲੰਘਣ ਤੋਂ ਬਾਅਦ ਕਮੇਟੀ ਨੇ ਸੜਕ ਚੌੜੀਕਰਨ ਵਿਚ ਆਉਣ ਵਾਲਾ ਹਿੱਸਾ ਤੋੜਨਾ ਸ਼ੁਰੂ ਕਰ ਦਿਤਾ। ਕਮੇਟੀ ਦੇ ਇਰਸ਼ਾਦ ਹੁਸੈਨ ਕਹਿੰਦੇ ਹਨ ਕਿ ਸ਼ਹਿਰ ਵਿਚ ਵਿਕਾਸ ਦਾ ਕੰਮ ਇਨਸਾਨਾਂ ਲਈ ਹੋ ਰਿਹਾ ਹੈ। ਕੁੰਭ ਸ਼ਰਧਾਲੂਆਂ ਲਈ ਸੜਕ ਚੌੜੀ ਹੋ ਰਹੀ ਹੈ ਤਾਂ ਮਸਜਿਦ ਦਾ ਕੁੱਝ ਹਿੱਸਾ ਨੇਕ ਕੰਮ ਲਈ ਦੇਣ ਵਿਚ ਕੋਈ ਹਰਜ਼ ਨਹੀਂ ਹੈ।