ਭਾਜਪਾ ਵਰਕਰਾਂ ਲਈ ਦੇਸ਼ ਸੱਭ ਤੋਂ ਪਹਿਲਾਂ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਨੇ 'ਸੇਵਾ ਹੀ ਸੰਗਠਨ' ਪ੍ਰੋਗਰਾਮ 'ਚ ਭਾਜਪਾ ਵਰਕਰਾਂ ਨਾਲ ਕੀਤੀ ਚਰਚਾ

PM Modi

ਨਵੀਂ ਦਿੱਲੀ/ਪਟਨਾ, 4 ਜੁਲਾਈ :  'ਸੇਵਾ ਹੀ ਸੰਗਠਨ' ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਿਹਾਰ ਦੇ ਭਾਜਪਾ ਵਰਕਰ ਅਤੇ ਸਾਥੀ ਵਧਾਈ ਦੇ ਯੋਗ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਰਕਰਾਂ ਲਈ ਦੇਸ਼ ਸੱਭ ਤੋਂ ਪਹਿਲਾਂ ਹੈ ਅਤੇ ਬਾਕੀ ਸੱਭ ਇਸ ਦੇ ਬਾਅਦ ਹੈ। ਉਨ੍ਹਾਂ ਕਿਹਾ ਭਾਜਪਾ ਨੇ ਸਮਾਜ ਦੇ ਪਿਛੜੇ ਅਤੇ ਗ਼ਰੀਬ ਤਬਕੇ ਦੇ ਲੋਕਾਂ ਨੂੰ ਸਮਰਥ ਬਣਾਉਣ ਲਈ ਕੰਮ ਕੀਤਾ ਹੈ। ਪਾਰਟੀ ਦੇ 53 ਦਲਿਤ, 43 ਆਦਿਵਾਸੀ ਅਤੇ 113 ਤੋਂ ਵੱਧ ਓਬੀਸੀ ਸਾਂਸਦ ਹਨ।  

ਉਨ੍ਹਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਦੌਰਾਨ ਭਾਜਪਾ ਵਰਕਰ ਅਪਣੀ ਜਾਨ ਖ਼ਤਰੇ ਵਿਚ ਪਾ ਕੇ ਰਾਹਤ ਕਾਰਜਾਂ ਵਿਚ ਲੱਗੇ ਰਹੇ ਅਤੇ ਕੁੱਝ ਨੇ ਤਾਂ ਅਪਣੀ ਜਾਨ ਤਕ ਗੁਆ ਦਿਤੀ। ਉਨ੍ਹਾਂ ਨੇ ਲੋਕ ਸੇਵਾ ਦੇ ਕੰਮਾਂ ਲਈ ਬਿਹਾਰ ਦੇ ਸਾਰੇ ਭਾਜਪਾ ਵਰਕਰਾਂ ਦਾ ਭੋਜਪੁਰੀ 'ਚ ਧਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਭਾਜਪਾ ਦੀਆਂ ਸੱਤ ਰਾਜ ਇਕਾਈਆਂ ਨਾਲ ਵੀਡੀਉ ਕਾਨਫਰੰਸ ਰਾਹੀਂ ਉਨ੍ਹਾ ਦੇ ਕੰਮਾਂ ਨੂੰ ਲੈ ਕੇ ਡਿਜ਼ੀਟਲ ਸਮੀਖਿਆ ਬੈਠਕ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਪੂਰਬੀ ਭਾਰਤ 'ਚ ਜ਼ਿਆਦਾ ਗਰਮੀ ਹੈ, ਉੱਥੇ ਕੋਰੋਨਾ ਜ਼ਿਆਦਾ ਫੈਲੇਗਾ ਪਰ ਤੁਸੀਂ ਲੋਕਾਂ ਨੇ ਸਾਰਿਆਂ ਨੂੰ ਗ਼ਲਤ ਸਾਬਤ ਕਰ ਦਿਤਾ। ਪੀ.ਐੱਮ. ਮੋਦੀ ਨੇ ਬਿਹਾਰ ਭਾਜਪਾ ਦੇ ਵਰਕਰਾਂ ਨੂੰ ਕਿਹਾ ਕਿ ਮੈਂ ਦੇਖ ਰਿਹਾ ਹਾਂ ਕਿ ਯੂ.ਪੀ. ਅਤੇ ਬਿਹਾਰ ਵਰਗੇ ਸੂਬਿਆਂ ਲਈ ਕਾਫ਼ੀ ਚੁਣੌਤੀ ਹੈ। ਤੁਸੀਂ ਵਾਪਸ ਆਏ ਮਜ਼ਦੂਰਾਂ ਦੇ ਕਲਿਆਣ ਕਰਨ ਦਾ ਬੀੜਾ ਚੁੱਕਿਆ ਹੈ।

ਆਫ਼ਤ ਦੀ ਘੜੀ 'ਚ ਅੱਗੇ ਵੀ ਇਸੇ ਤਰ੍ਹਾਂ ਜੀ-ਜਾਨ ਨਾਲ ਲੱਗੇ ਰਹੋ। ਪੀ.ਐੱਮ. ਮੋਦੀ ਨੇ ਕਿਹਾ ਕਿ ਅੱਗੇ ਵੀ ਇਸ ਤਰ੍ਹਾਂ ਲੋਕਾਂ ਦੀ ਮਦਦ ਕਰਦੇ ਰਹਿਣ। ਬਿਹਾਰ ਪ੍ਰਦੇਸ਼ ਭਾਜਪਾ ਦਫ਼ਤਰ 'ਚ ਪ੍ਰਧਾਨ ਮੰਤਰੀ ਦੀ ਡਿਜ਼ੀਟਲ ਸਮੀਖਿਆ ਬੈਠਕ 'ਚ ਡਿਪਟੀ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਬਿਹਾਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਡਾਕਟਰ ਸੰਜੇ ਜਾਇਸਵਾਲ, ਭਾਜਪਾ ਦੇ ਰਾਸ਼ਟਰੀ ਮਹਾਮੰਤਰੀ ਅਤੇ ਬਿਹਾਰ ਇੰਚਾਰਜ ਭੂਪੇਂਦਰ ਯਾਦਵ, ਬਿਹਾਰ ਸਰਕਾਰ ਦੇ ਸਿਹਤ ਮੰਤਰੀ ਮੰਗਲ ਪਾਂਡੇ ਅਤੇ ਬਿਹਾਰ ਸਰਕਾਰ ਦੇ ਮਾਰਗ ਨਿਰਮਾਣ ਮੰਤਰੀ ਨੰਦਕਿਸ਼ੋਰ ਯਾਦਵ ਸਮੇਤ ਭਾਜਪਾ ਦੇ ਕਈ ਨੇਤਾ ਮੌਜੂਦ ਹਨ। (ਪੀਟੀਆਈ)

7 ਰਾਜਾਂ ਨੇ ਅਪਣੇ ਸੇਵਾ ਕਾਰਜ ਦੀ ਰੀਪੋਰਟ ਪੇਸ਼ ਕੀਤੀ
ਭਾਜਪਾ ਦੀਆਂ 7 ਸੂਬਾਈ ਇਕਾਈਆਂ ਨੇ ਤਾਲਾਬੰਦੀ ਦੇ ਵਿਚਾਲੇ ਕੀਤੇ ਕੰਮਾਂ ਦੀ ਰੀਪੋਰਟ ਪ੍ਰਧਾਨ ਮੰਤਰੀ ਮੋਦੀ ਸਾਹਮਣੇ ਪੇਸ਼ ਕੀਤੀ। ਇਨ੍ਹਾਂ ਰਾਜਾਂ ਵਿਚ ਰਾਜਸਥਾਨ, ਬਿਹਾਰ, ਦਿੱਲੀ, ਕਰਨਾਟਕ, ਉੱਤਰ ਪ੍ਰਦੇਸ਼, ਮਹਾਰਾਸ਼ਟਰ ਅਤੇ ਅਸਾਮ ਸ਼ਾਮਲ ਹਨ। ਕਾਰਕੁਨਾਂ ਨੇ ਦਸਿਆ ਕਿ ਉਨ੍ਹਾਂ ਨੇ ਲੱਖਾਂ ਲੋੜਵੰਦਾਂ ਨੂੰ ਭੋਜਨ ਦਿਤਾ। ਪ੍ਰਵਾਸੀ ਕਾਮਿਆਂ ਨੂੰ ਖਾਣਾ, ਜੁੱਤੇ, ਮਖੌਟੇ, ਸੈਨੀਟਾਈਜ਼ਰ ਅਤੇ ਔਰਤਾਂ ਨੂੰ ਸੈਨੇਟਰੀ ਪੈਡ ਪ੍ਰਦਾਨ ਕਰੇ। ਦਿੱਲੀ ਦੇ ਕਾਰਕੁਨ ਨੇ ਕਿਹਾ ਕਿ ਉਹ ਮਤਭੇਦ ਭੁੱਲ ਗਏ ਹਨ ਅਤੇ ਕਾਂਗਰਸ ਨੇਤਾ ਅਧੀਰ ਰੰਜਨ ਦੇ ਇਕ ਟਵੀਟ 'ਤੇ ਤਾਲਾਬੰਦੀ ਵਿਚ ਫਸੇ ਬੰਗਾਲ ਦੇ ਲੋਕਾਂ ਦੀ ਮਦਦ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ।
ਮੋਦੀ ਨੇ ਨੌਜਵਾਨਾਂ ਨੂੰ ਦਿਤਾ 'ਦੇਸੀ ਐਪ' ਬਣਾਉਣ ਦਾ ਸੱਦਾ
ਚੀਨ ਨਾਲ ਸਰੱਹਦ 'ਤੇ ਚੱਲ ਰਹੇ ਤਣਾਅ ਅਤੇ ਚੀਨ ਦੀਆਂ 59 ਮੋਬਾਈਲ ਐਪਸ 'ਤੇ ਪਾਬੰਦੀ ਲਾਏ ਜਾਣ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੌਜਵਾਨਾਂ ਅਤੇ ਸਟਾਰਟ ਅਪ ਕੰਪਨੀਆਂ ਨੂੰ ਦੇਸੀ ਮੋਬਾਈਲ ਐਪ ਬਣਾਉਣ ਦੀ ਅਪੀਲ ਕੀਤੀ ਹੈ। ਇਸ ਮਾਮਲੇ ਵਿਚ ਵੀ ਭਾਰਤ ਨੂੰ ਆਤਮ ਨਿਰਭਰ ਬਣਾਉਣ ਦੀ ਯੋਜਨਾ ਹੈ। ਜਿਸ ਕਰ ਕੇ ਮੋਦੀ ''ਐਪ ਇਨੋਵੇਸ਼ਨ ਚੈਲੇਂਜ'' ਲਾਂਚ ਕਰਨ ਜਾ ਰਹੇ ਹਨ। ਮੋਦੀ ਨੇ ਟਵੀਟ ਕਰਦੇ ਹੋਏ ਲਿਖਿਆ, ''ਅੱਜ ਮੇਡ ਇਨ ਇੰਡੀਆ ਐਪਸ ਬਣਾਉਣ ਲਈ ਤਕਨੀਕੀ ਅਤੇ ਸਟਾਰਟ ਅੱਪ ਭਾਈਚਾਰੇ ਵਿਚਾਲੇ ਅਪਾਰ ਉਤਸ਼ਾਹ ਹੈ। ਇਸ ਲਈ ਉਹ ਇਨੋਵੇਸ਼ਨ ਚੈਲੇਂਜ ਸ਼ੁਰੂ ਕਰ ਰਹੇ ਹਨ।''