ਜਲ ਸੈਨਾ ਵਿੱਚ ਅਗਨੀਵੀਰਾਂ ਦੇ ਪਹਿਲੇ ਬੈਚ ਵਿੱਚ 20 ਪ੍ਰਤੀਸ਼ਤ ਔਰਤਾਂ ਦੀ ਕੀਤੀ ਜਾਵੇਗੀ ਭਰਤੀ
ਇਨ੍ਹਾਂ ਔਰਤਾਂ ਨੂੰ ਜਲ ਸੈਨਾ ਦੇ ਵੱਖ-ਵੱਖ ਹਿੱਸਿਆਂ ਅਤੇ ਸ਼ਾਖਾਵਾਂ ਵਿੱਚ ਭੇਜਿਆ ਜਾਵੇਗਾ।
ਨਵੀਂ ਦਿੱਲੀ: ਅਗਨੀਪਥ ਸਕੀਮ ਤਹਿਤ ਜਲ ਸੈਨਾ ਵਿੱਚ ਭਰਤੀ ਕੀਤੇ ਜਾਣ ਵਾਲੇ ਅਗਨੀਵੀਰਾਂ ਵਿੱਚ 20 ਫੀਸਦੀ ਔਰਤਾਂ ਸ਼ਾਮਲ ਕੀਤੀਆਂ ਜਾਣਗੀਆਂ। ਜਲ ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਗਨੀਵੀਰ ਦੇ ਪਹਿਲੇ ਬੈਚ ਵਿਚ 20 ਫੀਸਦੀ ਔਰਤਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਔਰਤਾਂ ਨੂੰ ਜਲ ਸੈਨਾ ਦੇ ਵੱਖ-ਵੱਖ ਹਿੱਸਿਆਂ ਅਤੇ ਸ਼ਾਖਾਵਾਂ ਵਿੱਚ ਭੇਜਿਆ ਜਾਵੇਗਾ।
ਇਸ ਤੋਂ ਪਹਿਲਾਂ ਹਾਲ ਹੀ ਵਿੱਚ ਜਲ ਸੈਨਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਭਾਰਤੀ ਜਲ ਸੈਨਾ ਅਗਨੀਪਥ ਯੋਜਨਾ ਦੇ ਜ਼ਰੀਏ ਇਸ ਸਾਲ ਪਹਿਲੀ ਵਾਰ ਮਹਿਲਾ ਮਲਾਹਾਂ ਦੀ ਭਰਤੀ ਕਰੇਗੀ। ਪਹਿਲੇ ਬੈਚ ਵਿੱਚ ਤਿੰਨ ਹਜ਼ਾਰ ਅਗਨੀਵੀਰ ਭਰਤੀ ਕੀਤੇ ਜਾਣਗੇ। ਜਲ ਸੈਨਾ ਵਿੱਚ ਸ਼ਾਮਲ ਹੋਣ ਵਾਲੇ ਅਗਨੀਵੀਰਾਂ ਨੂੰ ਇਸ ਸਾਲ 21 ਨਵੰਬਰ ਤੋਂ ਉੜੀਸਾ ਵਿੱਚ ਆਈਐਨਐਸ ਚਿਲਕਾ ਵਿੱਚ ਸਿਖਲਾਈ ਦਿੱਤੀ ਜਾਵੇਗੀ।
ਨੇਵੀ ਅਧਿਕਾਰੀਨੇ ਦੱਸਿਆ ਸੀ ਕਿ ਮੌਜੂਦਾ ਸਮੇਂ 'ਚ 30 ਮਹਿਲਾ ਅਧਿਕਾਰੀ ਫਰੰਟਲਾਈਨ ਜੰਗੀ ਜਹਾਜ਼ਾਂ 'ਤੇ ਸੇਵਾਵਾਂ ਨਿਭਾਅ ਰਹੀਆਂ ਹਨ। ਜਲ ਸੈਨਾ ਦੇ ਸਾਰੇ ਵਿਭਾਗਾਂ ਵਿੱਚ ਔਰਤਾਂ ਦੀ ਭਰਤੀ ਕੀਤੀ ਜਾਵੇਗੀ। ਮਹਿਲਾ ਅਗਨੀਵੀਰ ਵੀ ਸਮੁੰਦਰ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ।