Keshav Rao Resignation : ਕੇ. ਕੇਸ਼ਵ ਰਾਓ ਦਾ ਅਸਤੀਫ਼ਾ ਮਨਜ਼ੂਰ, ਰਾਜ ਸਭਾ 'ਚ ਇਕ ਹੋਰ ਸੀਟ ਹੋਈ ਖਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਸ਼ਵ ਰਾਓ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੀਆਰਐਸ ਦੇ ਰਾਜ ਸਭਾ ਮੈਂਬਰ ਵਜੋਂ ਆਪਣੀ ਮੈਂਬਰਸ਼ਿਪ ਛੱਡ ਦਿੱਤੀ ਸੀ

K Kesava Rao

Keshav Rao Resignation : ਰਾਜ ਸਭਾ ਵਿੱਚ ਸ਼ੁੱਕਰਵਾਰ ਨੂੰ ਇੱਕ ਹੋਰ ਸੀਟ ਖਾਲੀ ਹੋ ਗਈ ,ਜਦੋਂ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕੇ. ਕੇਸ਼ਵ ਰਾਓ ਦਾ ਅਸਤੀਫਾ ਸਵੀਕਾਰ ਕਰ ਲਿਆ। ਕੇਸ਼ਵ ਰਾਓ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਰਾਜ ਸਭਾ ਮੈਂਬਰ ਵਜੋਂ ਆਪਣੀ ਮੈਂਬਰਸ਼ਿਪ ਛੱਡ ਦਿੱਤੀ ਸੀ। ਰਾਓ 2020 ਤੋਂ ਤੇਲੰਗਾਨਾ ਤੋਂ ਬੀਆਰਐਸ ਰਾਜ ਸਭਾ ਮੈਂਬਰ ਸਨ।

ਉਹ ਬੁੱਧਵਾਰ ਨੂੰ ਕਾਂਗਰਸ 'ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਵੀਰਵਾਰ ਨੂੰ ਸੰਸਦ ਦੇ ਉਪਰਲੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਧਨਖੜ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਇਸ ਤੋਂ ਬਾਅਦ ਰਾਜ ਸਭਾ 'ਚ ਉਨ੍ਹਾਂ ਦੀ ਸੀਟ ਖਾਲੀ ਹੋ ਗਈ ਹੈ।

ਦੱਸ ਦੇਈਏ ਕਿ ਕੇਸ਼ਵ ਰਾਓ ਦੇ ਅਸਤੀਫੇ ਤੋਂ ਬਾਅਦ ਸਦਨ ਦੀਆਂ 16 ਸੀਟਾਂ ਖਾਲੀ ਹੋ ਗਈਆਂ ਹਨ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਤੋਂ ਰਾਜ ਸਭਾ ਦੀਆਂ ਚਾਰ, ਮਹਾਰਾਸ਼ਟਰ ਤੋਂ ਤਿੰਨ, ਅਸਾਮ ਅਤੇ ਬਿਹਾਰ ਤੋਂ ਦੋ-ਦੋ ਅਤੇ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਤ੍ਰਿਪੁਰਾ ਤੋਂ ਇਕ-ਇਕ ਸੀਟ ਖਾਲੀ ਪਈ ਸੀ।