trending News : ਘੱਟ ਨੰਬਰ ਦੀ ਧਮਕੀ ਦੇ ਕੇ ਮਹਿਲਾ ਪ੍ਰੋਫ਼ੈਸਰ ਨੇ ਵਿਦਿਆਰਥੀਆਂ ਤੋਂ ਸਾਫ਼ ਕਰਾਇਆ ਘਰ ਦਾ ਟਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼ਿਕਾਇਤ ਮਗਰੋਂ ਬਣਾਈ ਗਈ ਤਿੰਨ ਮੈਂਬਰਾਂ ਦੀ ਜਾਂਚ ਕਮੇਟੀ , ਪ੍ਰੋਫੈਸਰ ਨੂੰ ਕੀਤਾ ਮੁਅੱਤਲ

Latur ITI Professor Suspended

trending News : ਮਹਾਰਾਸ਼ਟਰ ਦੇ ਲਾਤੂਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ.ਟੀ.ਆਈ.) ਦੀ ਇੱਕ ਮਹਿਲਾ ਪ੍ਰੋਫੈਸਰ ਨੂੰ ਕੁਝ ਵਿਦਿਆਰਥੀਆਂ ਤੋਂ ਆਪਣਾ ਘਰੇਲੂ ਕੰਮ ਕਰਵਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੇ ਆਰੋਪ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ।

ਨਿਊਜ਼ ਏਜੰਸੀ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ 'ਤੇ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਦਾ ਆਰੋਪ ਸੀ। ਪ੍ਰਿੰਸੀਪਲ ਇੰਦਰਾ ਰਣਭਿਡਕਰ ਨੇ ਦੱਸਿਆ ਕਿ ਔਸਾ ਵਿਖੇ ਆਈ.ਟੀ.ਆਈ. ਦੀ ਪ੍ਰੋਫੈਸਰ ਮਨੀਸ਼ਾ ਖਾਨਪੁਰੇ ਨੂੰ 2 ਜੁਲਾਈ ਨੂੰ ਤਿੰਨ ਵਿਦਿਆਰਥੀਆਂ ਦਾ ਸ਼ੋਸ਼ਣ ਅਤੇ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ।

ਦੱਸ ਦਈਏ ਕਿ ਇਹ ਕਾਰਵਾਈ ਉਦੋਂ ਕੀਤੀ ਗਈ ਹੈ ਜਦੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਨੇ ਪਿਛਲੇ ਹਫ਼ਤੇ ਰੈਜ਼ੀਡੈਂਟ ਡਿਪਟੀ ਕਲੈਕਟਰ ਨੂੰ ਮੰਗ ਪੱਤਰ ਸੌਂਪਿਆ ਸੀ, ਜਿਸ ਵਿੱਚ ਆਰੋਪ ਲਾਇਆ ਗਿਆ ਸੀ ਕਿ ਮਹਿਲਾ ਪ੍ਰੋਫੈਸਰ ਨੇ ਵਿਦਿਆਰਥੀਆਂ ਨੂੰ ਘੱਟ ਅੰਕ ਦੇਣ ਦੀ ਧਮਕੀ ਦੇ ਕੇ ਘਰੇਲੂ ਕੰਮ ਕਰਵਾਇਆ ਅਤੇ ਬਾਥਰੂਮ ਵੀ ਸਾਫ਼ ਕਰਵਾਇਆ।

ਪ੍ਰੋਫੈਸਰ ਦੇ ਘਰ 'ਚ ਕੂੜਾ ਸਾਫ਼ ਕਰਦੇ ਹੋਏ ਵਿਦਿਆਰਥੀਆਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਆਈ.ਟੀ.ਆਈ ਕਾਲਜ ਦੀ ਪ੍ਰਿੰਸੀਪਲ ਰਣਭਿਡਕਰ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਮਾਪਿਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪ੍ਰੋਫੈਸਰ ਨੂੰ ਇੱਕ ਮੈਮੋ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਤਿੰਨ ਮੈਂਬਰਾਂ ਦੀ ਜਾਂਚ ਕਮੇਟੀ ਬਣਾਈ ਗਈ ਹੈ ਅਤੇ ਉਸ ਦੀ ਰਿਪੋਰਟ ਦੇ ਆਧਾਰ 'ਤੇ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।