ਉੱਤਰ ਪ੍ਰਦੇਸ਼ ’ਚ ਸ਼ੁਰੂ ਹੋਵੇਗੀ ਸਿੱਖਾਂ ਲਈ ਤੀਰਥ ਯਾਤਰਾ ਯੋਜਨਾ : ਆਦਿੱਤਿਆਨਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਤੀ ਵਿਅਕਤੀ 10,000 ਰੁਪਏ ਦੀ ਸਹਾਇਤਾ ਮਿਲੇਗੀ

Pilgrimage scheme for Sikhs to be launched in Uttar Pradesh: Adityanath

ਲਖਨਊ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਨਿਚਰਵਾਰ  ਨੂੰ ਅਧਿਕਾਰੀਆਂ ਨੂੰ ਸਿੱਖ ਅਤੇ ਬੋਧੀ ਸ਼ਰਧਾਲੂਆਂ ਲਈ ਅਧਿਆਤਮਿਕ ਯਾਤਰਾ ਦੀ ਸਹੂਲਤ ਲਈ ਦੋ ਨਵੀਆਂ ਤੀਰਥ ਯਾਤਰਾ ਸਹਾਇਤਾ ਯੋਜਨਾਵਾਂ ‘ਬੋਧੀ ਤੀਰਥ ਦਰਸ਼ਨ ਯੋਜਨਾ’ ਅਤੇ ‘ਪੰਜ ਤਖ਼ਤ ਯਾਤਰਾ ਯੋਜਨਾ’ ਸ਼ੁਰੂ ਕਰਨ ਦੇ ਹੁਕਮ ਦਿਤੇ।

ਇਕ ਸਮੀਖਿਆ ਬੈਠਕ ’ਚ ਆਦਿੱਤਿਆਨਾਥ ਨੇ ਕਿਹਾ ਕਿ ਤੀਰਥ ਯਾਤਰਾ ਅਧਿਆਤਮਿਕ ਉਥਾਨ ਅਤੇ ਸਮਾਜਕ  ਸਦਭਾਵਨਾ ਦਾ ਸਾਧਨ ਹੈ ਅਤੇ ਨਾਗਰਿਕਾਂ ਨੂੰ ਉਨ੍ਹਾਂ ਦੇ ਧਰਮ ਨਾਲ ਜੁੜੇ ਸਥਾਨਾਂ ਉਤੇ  ਪਹੁੰਚਣ ’ਚ ਮਦਦ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।

‘ਪੰਜ ਤਖ਼ਤ ਯਾਤਰਾ ਯੋਜਨਾ’ ਉੱਤਰ ਪ੍ਰਦੇਸ਼ ਦੇ ਸਿੱਖ ਸ਼ਰਧਾਲੂਆਂ ਨੂੰ ਪੰਜ ਪਵਿੱਤਰ ਤਖ਼ਤ ਸਾਹਿਬ ਸਥਾਨਾਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਹਰਿਮੰਦਰ ਜੀ ਸਾਹਿਬ (ਪਟਨਾ ਸਾਹਿਬ) ਦੇ ਦਰਸ਼ਨ ਕਰਨ ਦੇ ਯੋਗ ਬਣਾਏਗੀ। ਦੋਹਾਂ ਯੋਜਨਾਵਾਂ ਵਿਚ ਸ਼ਰਧਾਲੂਆਂ ਨੂੰ ਪ੍ਰਤੀ ਵਿਅਕਤੀ ਘੱਟੋ-ਘੱਟ 10,000 ਰੁਪਏ ਦੀ ਗ੍ਰਾਂਟ ਮਿਲੇਗੀ।

ਮੁੱਖ ਮੰਤਰੀ ਨੇ ਹੁਕਮ ਦਿਤੇ ਕਿ ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਰੱਖੀ ਜਾਵੇ ਅਤੇ ਆਰਥਕ  ਤੌਰ ਉਤੇ  ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਤਰਜੀਹ ਦਿਤੀ  ਜਾਵੇ। ਇਹ ਯੋਜਨਾਵਾਂ ਆਈ.ਆਰ.ਸੀ.ਟੀ.ਸੀ. ਦੇ ਸਹਿਯੋਗ ਨਾਲ ਚਲਾਈਆਂ ਜਾਣਗੀਆਂ।

ਸੁਰੱਖਿਆ, ਸਹੂਲਤ ਅਤੇ ਧਾਰਮਕ  ਵਿਸ਼ਵਾਸ ਦੀ ਮਹੱਤਤਾ ਉਤੇ  ਜ਼ੋਰ ਦਿੰਦਿਆਂ ਆਦਿੱਤਿਆਨਾਥ ਨੇ ਕਿਹਾ ਕਿ ਇਹ ਪਹਿਲਕਦਮੀਆਂ ਸਮਾਵੇਸ਼ੀ ਵਿਕਾਸ ਦੀ ਭਾਵਨਾ ਨੂੰ ਅੱਗੇ ਵਧਾਉਣਗੀਆਂ ਅਤੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਦ੍ਰਿਸ਼ਟੀਕੋਣ ਤਹਿਤ ਕੌਮੀ  ਏਕਤਾ ਨੂੰ ਉਤਸ਼ਾਹਤ ਕਰਨਗੀਆਂ। (ਪੀਟੀਆਈ)