ਗ਼ਰੀਬਾਂ ਦੀ ਵਧਦੀ ਗਿਣਤੀ ਤੋਂ ਚਿੰਤਤ ਹੋਏ ਕੇਂਦਰੀ ਮਤਰੀ ਗਡਕਰੀ
ਗਰੀਬਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਦੌਲਤ ਕੁੱਝ ਅਮੀਰਾਂ ਦੇ ਹੱਥਾਂ ’ਚ ਕੇਂਦਰਿਤ ਹੋ ਰਹੀ ਹੈ : ਗਡਕਰੀ
ਮੁੰਬਈ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਗਰੀਬਾਂ ਦੀ ਵਧਦੀ ਗਿਣਤੀ ਉਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਦੌਲਤ ਕੁੱਝ ਅਮੀਰ ਲੋਕਾਂ ਦੇ ਹੱਥਾਂ ’ਚ ਕੇਂਦਰਿਤ ਹੋ ਰਹੀ ਹੈ।
ਗਡਕਰੀ ਨੇ ਨਾਗਪੁਰ ’ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਦੌਲਤ ਦੇ ਵਿਕੇਂਦਰੀਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਖੇਤੀਬਾੜੀ, ਨਿਰਮਾਣ, ਟੈਕਸ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ’ਚ ਜਨਤਕ-ਨਿੱਜੀ ਭਾਈਵਾਲੀ ਸਮੇਤ ਕਈ ਮੁੱਦਿਆਂ ਨੂੰ ਛੂਹਿਆ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੇ ਕਿਹਾ, ‘‘ਹੌਲੀ-ਹੌਲੀ ਗਰੀਬ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਦੌਲਤ ਕੁੱਝ ਅਮੀਰ ਲੋਕਾਂ ਦੇ ਹੱਥਾਂ ਵਿਚ ਕੇਂਦਰਿਤ ਹੋ ਰਹੀ ਹੈ। ਅਜਿਹਾ ਨਹੀਂ ਹੋਣਾ ਚਾਹੀਦਾ।’’ ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਇਸ ਤਰੀਕੇ ਨਾਲ ਵਧਣਾ ਚਾਹੀਦਾ ਹੈ ਕਿ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਅਤੇ ਪੇਂਡੂ ਖੇਤਰਾਂ ਦਾ ਵਿਕਾਸ ਹੋਵੇ।
ਉਨ੍ਹਾਂ ਕਿਹਾ, ‘‘ਅਸੀਂ ਇਕ ਆਰਥਕ ਬਦਲ ਉਤੇ ਵਿਚਾਰ ਕਰ ਰਹੇ ਹਾਂ ਜੋ ਨੌਕਰੀਆਂ ਪੈਦਾ ਕਰੇਗਾ ਅਤੇ ਅਰਥਵਿਵਸਥਾ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ। ਦੌਲਤ ਦੇ ਵਿਕੇਂਦਰੀਕਰਨ ਦੀ ਜ਼ਰੂਰਤ ਹੈ ਅਤੇ ਇਸ ਦਿਸ਼ਾ ’ਚ ਕਈ ਬਦਲਾਅ ਹੋਏ ਹਨ।’’
ਭਾਜਪਾ ਦੇ ਸੀਨੀਅਰ ਨੇਤਾ ਨੇ ਸਾਬਕਾ ਪ੍ਰਧਾਨ ਮੰਤਰੀਆਂ ਪੀ ਵੀ ਨਰਸਿਮਹਾ ਰਾਓ ਅਤੇ ਮਨਮੋਹਨ ਸਿੰਘ ਨੂੰ ਉਦਾਰਵਾਦੀ ਆਰਥਕ ਨੀਤੀਆਂ ਅਪਣਾਉਣ ਦਾ ਸਿਹਰਾ ਵੀ ਦਿਤਾ ਪਰ ਬੇਰੋਕ ਕੇਂਦਰੀਕਰਨ ਵਿਰੁਧ ਚੇਤਾਵਨੀ ਦਿਤੀ। ਉਨ੍ਹਾਂ ਕਿਹਾ, ‘‘ਸਾਨੂੰ ਇਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ।’’ ਭਾਰਤ ਦੇ ਆਰਥਕ ਢਾਂਚੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਜੀ.ਡੀ.ਪੀ. ਵਿਚ ਖੇਤਰੀ ਯੋਗਦਾਨ ਵਿਚ ਅਸੰਤੁਲਨ ਵਲ ਇਸ਼ਾਰਾ ਕੀਤਾ।