ਭਾਖੜਾ ਮੈਨੇਜਮੈਂਟ ਬੋਰਡ ਨੇ ਹਾਈ ਅਲਰਟ ਜਾਰੀ ਕੀਤਾ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਣੀ ਦੇ ਪੈਦਾ ਹੋਏ ਗੰਭੀਰ ਸੰਕਟ ਨੂੰ ਦੇਖਦਿਆਂ ਹਾਈ ਅਲਰਟ ਜਾਰੀ ਕਰ ਦਿਤਾ ਹੈ। ਭਾਖੜਾ ਦੇ ਰਿਜ਼ਰਵ ਜਲ ਭੰਡਾਰ ਵਿਚ ਸਿਰਫ਼ 19 ਫ਼ੀ ਸਦੀ
ਬੋਰਡ ਨੇ ਇਕ ਪੱਤਰ ਜਾਰੀ ਕਰ ਕੇ ਸਪਸ਼ਟ ਕੀਤਾ ਹੈ ਕਿ ਰਾਜ ਵਿਚ ਮਾਨਸੂਨ ਦੇ ਇਕ ਮਹੀਨਾ ਵਰ੍ਹਣ ਦੇ ਬਾਵਜੂਦ ਡੈਮਾਂ ਦੇ ਜਲ ਭੰਡਾਰ ਵਿਚ ਪਾਣੀ ਦੀ ਕੋਈ ਖ਼ਾਸ ਮਾਤਰਾ ਨਹੀਂ ਵਧੀ। ਕਮੇਟੀ ਨੇ ਕਿਹਾ ਹੈ ਕਿ ਡੈਮਾਂ ਵਿਚ ਪਾਣੀ ਦੀ ਮਾਤਰਾ ਵਿਚ ਲੋੜ ਮੁਤਾਬਕ ਵਾਧਾ ਨਾ ਹੋਇਆ ਤਾਂ ਗੰਭੀਰਤਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਵੇਗਾ। ਦੂਜੇ ਬੰਨੇ ਪੰਜਾਬ ਖੇਤੀਬਾੜੀ ਵਿਭਾਗ ਨੇ ਇਨ੍ਹਾਂ ਬਰਸਾਤਾਂ ਦੌਰਾਨ ਸਮੁੱਚੇ ਤੌਰ 'ਤੇ ਸਾਧਾਰਣ ਬਾਰਸ਼ ਹੋਣ ਦਾ ਦਾਅਵਾ ਕੀਤਾ ਹੈ।
ਇਸ ਦੇ ਉਲਟ ਤਰਨਤਾਰਨ ਵਿਚ ਆਮ ਨਾਲੋਂ 56 ਮਿਲੀਮੀਟਰ, ਰੋਪੜ ਵਿਚ 50 ਮਿਲੀਮੀਟਰ ਅਤੇ ਮੋਗਾ ਵਿਚ ਵੱਧ ਬਾਰਸ਼ ਨੋਟ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਬਰਸਾਤਾਂ ਵਿਚ ਸਮੁੱਚੇ ਰੂਪ ਵਿਚ ਚੰਗੀ ਬਾਰਸ਼ ਹੋਈ ਹੈ। ਵਿਭਾਗ ਅਨੁਸਾਰ ਫ਼ਿਰੋਜ਼ਪੁਰ ਵਿਚ ਆਮ ਨਾਲੋਂ 58 ਫ਼ੀ ਸਦੀ ਘੱਟ ਮੀਂਹ ਪਿਆ ਹੈ। ਫ਼ਿਰੋਜ਼ਪੁਰ ਵਿਚ ਪਿਛਲੇ ਸਾਲਾਂ ਦੌਰਾਨ 159.7 ਮਿਲੀਮੀਟਰ ਬਾਰਸ਼ ਰੀਕਾਰਡ ਕੀਤੀ ਜਾਂਦੀ ਰਹੀ ਹੈ ਪਰ ਇਸ ਵਾਰ ਸਿਰਫ਼ 67.3 ਮਿਲੀਮੀਟਰ ਮੀਂਹ ਪੈ ਕੇ ਹਟ ਗਿਆ ਹੈ। ਅੰਮ੍ਰਿਤਸਰ ਵਿਚ 54 ਮਿਲੀਮੀਟਰ ਘੱਟ ਮੀਂਹ ਪਿਆ ਹੈ।
ਅੰਮ੍ਰਿਤਸਰ ਵਿਚ ਆਮ ਕਰ ਕੇ 144 ਮਿਲੀਮੀਟਰ ਮੀਂਹ ਪੈਂਦਾ ਰਿਹਾ ਹੈ ਇਸ ਵਾਰ ਸਿਰਫ਼ 95 ਮਿਲੀਮੀਟਰ ਮੀਂਹ ਪੈ ਕੇ ਰੁਕ ਗਿਆ ਹੈ। ਦੋਵਾਂ ਜ਼ਿਲ੍ਹਿਆਂ ਵਿਚ 3.12 ਲੱਖ ਹੈਕਟੇਅਰ ਝੋਨਾ ਲਾਇਆ ਜਾ ਚੁਕਾ ਹੈ।ਜਲੰਧਰ ਅਤੇ ਕਪੂਰਥਲਾ ਵਿਚ ਆਮ ਨਾਲੋਂ ਕ੍ਰਮਵਾਰ 26 ਅਤੇ 23 ਮਿਲੀਮੀਟਰ ਘੱਟ ਬਾਰਸ਼ ਨੋਟ ਕੀਤੀ ਗਈ ਹੈ। ਅੰਮ੍ਰਿਤਸਰ ਵਿਚ 8.17 ਫ਼ੀ ਸਦੀ ਘੱਟ, ਹੁਸ਼ਿਆਰਪੁਰ ਵਿਚ 10 ਫ਼ੀ ਸਦੀ ਅਤੇ ਬਠਿੰਡਾ ਵਿਚ 9 ਫ਼ੀ ਸਦੀ ਘੱਟ ਮੀਂਹ ਪਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ 6.84 ਲੱਖ ਹੈਕਟੇਅਰ ਝੋਨਾ ਬੀਜਿਆ ਗਿਆ ਹੈ।
ਪੰਜਾਬ ਵਿਚ ਝੋਨੇ ਹੇਠਲਾ ਕੁਲ ਰਕਬਾ 30 ਲੱਖ ਹੈਕਟੇਅਰ ਦਸਿਆ ਗਿਆ ਹੈ ਜਿਸ ਵਿਚੋਂ 10 ਲੱਖ ਹੈਕਟੇਅਰ ਵਿਚ ਆਮ ਨਾਲੋਂ ਘੱਟ ਬਾਰਸ਼ ਹੋਈ ਹੈ। ਖੇਤੀਬਾੜੀ ਵਿਭਾਗ ਨੇ ਇਕ ਪੱਤਰ ਜਾਰੀ ਕਰ ਕੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਮਾਨਸੂਨ ਰੁੱਤ ਦੌਰਾਨ ਪੈਂਦੀ ਵਰਖਾ ਦਾ ਪੁਰਨ ਰੂਪ ਵਿਚ ਸਦਉਪਯੋਗ ਕਰਨ ਲਈ ਕਿਹਾ ਹੈ। ਇਹ ਵੀ ਕਿਹਾ ਗਿਆ ਹੈ ਕਿ ਡੈਮਾਂ ਦੇ ਪਾਣੀ ਵਿਚ ਲੋੜ ਮੁਤਾਬਕ ਵਾਧਾ ਨਾ ਹੋਣ ਦੀ ਸੂਰਤ ਵਿਚ ਨਹਿਰਾਂ ਦੀ ਸਪਲਾਈ 'ਤੇ ਗੰਭੀਰ ਅਸਰ ਪਵੇਗਾ।