ਦੇਸ਼ ਦੇ ਨਵੇਂ ਖੇਤਰਾਂ ਵਿਚ ਫੈਲਿਆ ਕੋਰੋਨਾ ਵਾਇਰਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਦਿਨ ਵਿਚ 52050 ਨਵੇਂ ਮਾਮਲੇ, 803 ਮੌਤਾਂ

Covid 19

ਨਵੀਂ ਦਿੱਲੀ, 4 ਅਗੱਸਤ : ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ 52050 ਨਵੇਂ ਮਰੀਜ਼ ਸਾਹਮਣੇ ਆਉਣ ਮਗਰੋਂ ਕੁਲ ਪੀੜਤਾਂ ਦੀ ਗਿਣਤੀ 1855745 ਹੋ ਗਈ। ਇਸ ਦੇ ਨਾਲ ਹੀ ਮੰਗਲਵਾਰ ਤਕ 12 ਲੱਖ ਤੋਂ ਵੱਧ ਲੋਕ ਸਿਹਤਯਾਬ ਹੋ ਚੁਕੇ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿਚ ਨਵੇਂ ਖੇਤਰਾਂ ਵਿਚ ਕੋਰੋਨਾ ਵਾਇਰਸ ਲਾਗ ਫੈਲੀ ਹੈ ਪਰ ਭਾਰਤ ਵਿਚ ਲਾਗ ਦੇ ਕੁਲ ਮਾਮਲਿਆਂ ਵਿਚ 82 ਫ਼ੀ ਸਦੀ ਸਿਰਫ਼ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤਕ ਸੀਮਤ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਦੇਸ਼ ਦੇ ਕੁਲ ਮਾਮਲਿਆਂ ਦੇ 66 ਫ਼ੀ ਸਦੀ ਸਿਰਫ਼ 50 ਜ਼ਿਲ੍ਹਿਆਂ ਵਿਚ ਹਨ ਅਤੇ ਕੋਵਿਡ-19 ਨਾਲ ਮੌਤ ਦਰ ਤੇਜ਼ੀ ਨਾਲ ਘਟ ਕੇ 2.10 ਫ਼ੀ ਸਦੀ ਰਹਿ ਗਈ ਹੈ। ਇਹ ਦਰ 25 ਮਾਰਚ ਨੂੰ ਲਾਗੂ ਤਾਲਾਬੰਦੀ ਮਗਰੋਂ ਪਹਿਲੀ ਵਾਰ ਏਨੀ ਘੱਟ ਹੈ।

ਉਨ੍ਹਾਂ ਕਿਹਾ, 'ਕੋਰੋਨਾ ਵਾਇਰਸ ਨਵੇਂ ਖੇਤਰਾਂ ਵਿਚ ਫੈਲ ਗਿਆ ਹੈ ਪਰ ਕੁਲ ਮਾਮਲਿਆਂ ਦੇ 82 ਫ਼ੀ ਸਦੀ ਹੁਣ ਵੀ ਦੇਸ਼ ਦੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸੀਮਤ ਹਨ ਜਿਥੇ ਅੱਜ 50 ਜ਼ਿਲ੍ਹਿਆਂ ਵਿਚ ਕੁਲ ਮਾਮਲਿਆਂ ਦੇ 66 ਫ਼ੀ ਸਦੀ ਮਾਮਲੇ ਹਨ।' ਉਨ੍ਹਾਂ ਦਸਿਆ ਕਿ ਦੇਸ਼ ਵਿਚ ਕੋਵਿਡ-19 ਨਾਲ ਮੌਤ ਦੇ ਲਗਭਗ 68 ਫ਼ੀ ਸਦੀ ਮਾਮਲੇ ਪੁਰਸ਼ਾਂ ਦੇ ਹਨ ਅਤੇ 32 ਫ਼ੀ ਸਦੀ ਮਹਿਲਾ ਪੀੜਤਾਂ ਵਿਚ ਆਏ ਹਨ। 50 ਫ਼ੀ ਸਦੀ ਮਾਮਲੇ 60 ਸਾਲਾ ਜਾਂ ਜ਼ਿਆਦਾ ਉਮਰ ਵਾਲੇ ਰੋਗੀਆਂ ਨਾਲ ਜੁੜੇ ਹਨ।  ਮੰਗਲਵਾਰ ਸਵੇਰੇ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿਚ ਬੀਮਾਰੀ ਨਾਲ 803 ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 38938 ਹੋ ਗਿਆ।

ਵਿਗਿਆਨੀ ਅਤੇ ਆਈਸੀਐਮਆਰ ਦੇ ਮੀਡੀਆ ਕੁਆਰਡੀਨੇਟਰ ਡਾ. ਲੋਕੇਸ਼ ਸ਼ਰਮਾ ਨੇ ਦਸਿਆ ਕਿ ਦੋ ਅਗੱਸਤ ਤਕ 20864750 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 661892 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ। ਇਕ ਦਿਨ ਵਿਚ ਹੁਣ ਤਕ ਦੇ ਟੈਸਟਾਂ ਦੀ ਇਹ ਸੱਭ ਤੋਂ ਵੱਧ ਗਿਣਤੀ ਹੈ। ਸ਼ਰਮਾ ਨੇ ਕਿਹਾ, 'ਜੁਲਾਈ ਵਿਚ ਪ੍ਰਤੀ ਦਿਨ ਔਸਤਨ 339744 ਟੈਸਟਾਂ ਨਾਲ ਮਹੀਨੇ ਭਰ ਵਿਚ 10532074 ਟੈਸਟ ਕੀਤੇ ਗਏ ਜੋ ਹੁਣ ਤਕ ਇਕ ਮਹੀਨੇ ਵਿਚ ਹੋਏ ਟੈਸਟਾਂ ਦੇ ਹਿਸਾਬ ਨਾਲ ਸੱਭ ਤੋਂ ਵੱਧ ਹੈ।'  ਦੇਸ਼ ਵਿਚ ਸਰਕਾਰੀ ਖੇਤਰ ਵਿਚ 917 ਅਤੇ ਨਿਜੀ ਖੇਤਰ ਵਿਚ 439 ਟੈਸਟ ਲੈਬਾਂ ਹਨ ਜਿਥੇ ਕੋਰੋਨਾ ਵਾਇਰਸ ਦੀ ਜਾਂਚ ਹੋ ਰਹੀ ਹੈ। 

ਮੌਤ ਦਰ ਤੇਜ਼ੀ ਨਾਲ ਘਟ ਕੇ 2.10 ਫ਼ੀ ਸਦੀ ਰਹੀ : ਸਿਹਤ ਮੰਤਰਾਲਾ- ਦੇਸ਼ ਵਿਚ ਹੁਣ ਤਕ 1230509 ਲੋਕ ਸਿਹਤਯਾਬ ਹੋ ਚੁਕੇ ਹਨ ਅਤੇ 586298 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਮੰਤਰਾਲੇ ਨੇ ਦਸਿਆ ਕਿ ਅੰਕੜਿਆਂ ਮੁਤਾਬਕ ਮਰੀਜ਼ਾਂ ਦੇ ਸਿਹਤਯਾਬ ਹੋਣ ਦੀ ਦਰ ਵੱਧ ਕੇ 66.31 ਫ਼ੀ ਸਦੀ ਹੋ ਗਈ ਜਦਕਿ ਮੌਤ ਦਰ ਵਿਚ ਕਮੀ ਆਈ ਹੈ ਅਤੇ ਇਹ 2.10 ਫ਼ੀ ਸਦੀ ਹੈ। ਕੁਲ ਪੀੜਤਾਂ ਵਿਚ ਵਿਦੇਸ਼ੀ ਵੀ ਸ਼ਾਮਲ ਹਨ। ਮੰਗਲਵਾਰ ਲਗਾਤਾਰ ਛੇਵਾਂ ਦਿਨ ਹੈ ਜਦ ਲਾਗ ਦੇ ਮਾਮਲੇ 50 ਹਜ਼ਾਰ ਤੋਂ ਵੱਧ ਆਏ ਹਨ।