ਸਿਵਲ ਸੇਵਾ ਪ੍ਰੀਖਿਆ ਦੇ ਨਤੀਜਿਆਂ ਵਿਚ ਹਰਿਆਣਾ ਦਾ ਪ੍ਰਦੀਪ ਸਿੰਘ ਅੱਵਲ ਸਥਾਨ 'ਤੇ
ਦਿੱਲੀ ਦਾ ਜਤਿਨ ਕਿਸ਼ੋਰ ਦੂਜੇ ਅਤੇ ਯੂਪੀ ਦੀ ਪ੍ਰਤਿਭਾ ਵਰਮਾ ਤੀਜੇ ਸਥਾਨ 'ਤੇ
ਨਵੀਂ ਦਿੱਲੀ, 4 ਅਗੱਸਤ : ਯੂਪੀਐਸਸੀ ਨੇ ਮੰਗਲਵਾਰ ਨੂੰ ਸਿਵਲ ਸੇਵਾ ਪ੍ਰੀਖਿਆ 2019 ਦੇ ਨਤੀਜਿਆਂ ਦਾ ਐਲਾਨ ਕਰ ਦਿਤਾ। ਪ੍ਰਦੀਪ ਸਿੰਘ ਨੇ ਇਸ ਪ੍ਰੀਖਿਆ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਸਰਕਾਰੀ ਬਿਆਨ ਮੁਤਾਬਕ ਜਤਿਨ ਕਿਸ਼ੋਰ ਨੇ ਦੂਜਾ ਅਤੇ ਪ੍ਰਤਿਭਾ ਵਰਮਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪ੍ਰਦੀਪ ਸਿੰਘ ਇਸ ਵੇਲੇ ਆਈਆਰਐਸ ਅਧਿਕਾਰੀ ਹਨ। ਪ੍ਰਦੀਪ ਸਿੰਘ ਹਰਿਆਣਾ ਦੇ ਵਾਸੀ ਹਨ ਜਦਕਿ ਕਿਸ਼ੋਰ ਦਿੱਲੀ ਤੇ ਵਰਮਾ ਯੂਪੀ ਤੋਂ ਹੈ। ਪ੍ਰਦੀਪ ਸਿੰਘ ਨੇ ਸੋਨੀਪਤ ਤੋਂ ਗੱਲ ਕਰਦਿਆਂ ਕਿਹਾ,'ਇਹ ਸੁਪਨੇ ਦੇ ਸਾਕਾਰ ਹੋਣ ਵਰਗਾ ਹੈ। ਇਹ ਸੁਖਦ ਹੈਰਾਨੀ ਹੈ। ਮੈਂ ਹਮੇਸ਼ਾ ਆਈਏਐਸ ਅਧਿਕਾਰੀ ਬਣਨਾ ਚਾਹੁੰਦਾ ਸੀ। ਮੈਂ ਸਮਾਜ ਦੇ ਕਮਜ਼ੋਰ ਵਰਗਾਂ ਲਈ ਕੰਮ ਕਰਨਾ ਚਾਹਾਂਗਾ।' ਭਾਰਤੀ ਮਾਲੀਆ ਸੇਵਾ ਦੇ 2019 ਬੈਚ ਦੇ ਅਧਿਕਾਰੀ 29 ਸਾਲਾ ਪ੍ਰਦੀਪ ਸਿੰਘ ਇਸ ਵੇਲੇ ਫ਼ਰੀਦਾਬਾਦ ਵਿਚ ਤੈਨਾਤ ਹਨ। ਉਨ੍ਹਾਂ ਪ੍ਰੀਖਿਆ ਦੀ ਤਿਆਰੀ ਲਈ ਛੁੱਟੀ ਲਈ ਸੀ। ਜਤਿਨ ਕਿਸ਼ੋਰ ਭਾਰਤੀ ਆਰਥਕ ਸੇਵਾ ਦੇ 2018 ਬੈਚ ਦੇ ਅਧਿਕਾਰੀ ਹਨ ਅਤੇ ਇਸ ਵੇਲੇ ਪੇਂਡੂ ਵਿਕਾਸ ਮੰਤਰਾਲੇ ਵਿਚ ਸਹਾਇਕ ਨਿਰਦੇਸ਼ਕ ਹਨ। ਭਾਰਤੀ ਮਾਲੀਆ ਸੇਵਾ ਦੀ ਅਧਿਕਾਰੀ ਵਰਮਾ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਆਈਏਐਸ ਅਧਿਕਾਰੀ ਬਣਨਾ ਚਾਹੁੰਦੀ ਸੀ। ਉਸ ਨੂੰ 2018 ਦੀ ਪ੍ਰੀਖਿਆ ਵਿਚ 489ਵਾਂ ਰੈਂਕ ਹਾਸਲ ਹੋਇਆ ਸੀ।
ਯੂਪੀਐਸਸੀ ਮੁਤਾਬਕ ਕੁਲ 829 ਉਮੀਦਵਾਰਾਂ ਦੀ ਭਾਰਤੀ ਪ੍ਰਸ਼ਾਸਨਿਕ ਸੇਵਾ, ਭਾਰਤੀ ਵਿਦੇਸ਼ ਸੇਵਾ, ਭਾਰਤੀ ਪੁਲਿਸ ਸੇਵਾ ਸਮੇਤ ਹੋਰ ਸਿਵਲ ਸੇਵਾਵਾਂ ਲਈ ਭਰਤੀ ਕੀਤੀ ਗਈ ਹੈ। ਕੁਲ ਪਾਸ ਉਮੀਦਵਾਰਾਂ ਵਿਚ 304 ਆਮ ਵਰਗ, 78 ਆਰਥਕ ਰੂਪ ਵਿਚ ਕਮਜ਼ੋਰ ਵਰਗ, 241 ਹੋਰ ਪਿਛੜਾ ਵਰਗ, 129 ਅਨਸੂਚਿਤ ਵਰਗ, 67 ਅਨੁਸੂਚਿਤ ਜਨਜਾਤੀ ਸ਼੍ਰੇਣੀ ਵਿਚ ਸ਼ਾਮਲ ਹਨ। ਬਿਆਨ ਮੁਤਾਬਕ 182 ਹੋਰ ਉਮੀਦਵਾਰਾਂ ਨੂੰ ਰਾਖਵੀਂ ਸੂਚੀ ਵਿਚ ਰਖਿਆ ਗਿਆ ਹੈ। ਸਰਕਾਰ ਦੁਆਰਾ ਐਲਾਨੀਆਂ 927 ਆਸਾਮੀਆਂ ਲਈ ਇਨ੍ਹਾਂ ਦੀ ਚੋਣ ਕੀਤੀ ਗਈ ਹੈ। ਯੂਪੀਐਸਸੀ ਨੇ ਕਿਹਾ, '11 ਉਮੀਦਵਾਰਾਂ ਦਾ ਨਤੀਜਾ ਰੋਕਿਆ ਗਿਆ ਹੈ।' ਸਿਵਲ ਸੇਵਾ ਪ੍ਰੀਖਿਆ ਹਰ ਸਾਲ ਤਿੰਨ ਗੇੜਾਂ ਵਿਚ ਹੁੰਦੀ ਹੈ ਜਿਸ ਵਿਚ ਮੁਢਲੀ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਸ਼ਾਮਲ ਹੁੰਦੀ ਹੈ। ਕਮਿਸ਼ਨ ਮੁਤਾਬਕ ਪ੍ਰੀਖਿਆ ਵਿਚ ਪ੍ਰਾਪਤ ਅੰਕ ਪ੍ਰੀਖਿਆ ਨਤੀਜੇ ਐਲਾਨੇ ਜਾਣ ਦੀ ਤਰੀਕ ਤੋਂ 15 ਦਿਨਾਂ ਅੰਦਰ ਵੈਬਸਾਈਟ 'ਤੇ ਉਪਲਭਧ ਹੋਣਗੇ।