ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਪਾਜ਼ੇਟਿਵ, ਸੰਪਰਕ ’ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਲਈ ਕਿਹਾ
ਉਹਨਾਂ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ
ਚੰਡੀਗੜ੍ਹ: ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਉਹਨਾਂ ਵਿਚ ਕੋਈ ਗੰਭੀਰ ਲੱਛਣ ਨਹੀਂ ਦਿਖਾਈ ਦੇ ਰਹੇ। ਉਹਨਾਂ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ ਅਤੇ ਉਥੇ ਕੋਰੋਨਾ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਬਨਵਾਰੀ ਲਾਲ ਨੇ ਆਪਣੇ ਸੰਪਰਕ ਵਿਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ।
Banwarilal Purohit
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸਿਹਤ ਵਿਭਾਗ ਮੁਤਾਬਕ ਵੀਰਵਾਰ ਨੂੰ ਸ਼ਹਿਰ 'ਚ 139 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਐਕਟਿਵ ਮਰੀਜ਼ਾਂ ਦੀ ਗਿਣਤੀ 901 ਤੱਕ ਪਹੁੰਚ ਗਈ ਹੈ। ਇਨਫੈਕਸ਼ਨ ਦੀ ਦਰ 9.03 ਫੀਸਦੀ ਦਰਜ ਕੀਤੀ ਗਈ ਹੈ। 71 ਪੁਰਸ਼ ਅਤੇ 68 ਔਰਤਾਂ ਸੰਕਰਮਿਤ ਪਾਈਆਂ ਗਈਆਂ। ਇਕ ਹਫ਼ਤੇ ਵਿਚ ਰੋਜ਼ਾਨਾ ਔਸਤਨ 129 ਲੋਕ ਸੰਕਰਮਿਤ ਪਾਏ ਗਏ।
coronavirus
24 ਘੰਟਿਆਂ ਵਿਚ 1,540 ਲੋਕਾਂ ਦਾ ਕੋਵਿਡ ਟੈਸਟ ਕੀਤਾ ਗਿਆ। ਇਸ ਦੇ ਨਾਲ ਹੀ 156 ਮਰੀਜ਼ ਠੀਕ ਵੀ ਹੋਏ ਹਨ। ਇਸ ਤੋਂ ਇਲਾਵਾ ਮੁਹਾਲੀ 'ਚ ਵੀਰਵਾਰ ਨੂੰ 143 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ, ਜਿਨ੍ਹਾਂ 'ਚੋਂ 69 ਸਰਕਾਰੀ ਅਤੇ 74 ਨਿੱਜੀ ਹਸਪਤਾਲਾਂ 'ਚ ਸੰਕਰਮਿਤ ਪਾਏ ਗਏ।