ਪਾਕਿਸਤਾਨ ਦਾ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਜੇਲ੍ਹ ਭੇਜਣ ਦਾ ਇਤਿਹਾਸ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਾਰ-ਵਾਰ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਫੌਜੀ ਤਾਨਾਸ਼ਾਹਾਂ ਵਿਰੁਧ ਕੋਈ ਕਾਰਵਾਈ ਕਰਨ ਤੋਂ ਪਰਹੇਜ਼ ਕਰਦਾ ਰਿਹਾ ਹੈ ਪਾਕਿਸਤਾਨ

File Photo

ਇਸਲਾਮਾਬਾਦ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਜ਼ਾ ਸੁਣਾਏ ਜਾਣ ਤੋਂ ਤੁਰਤ ਬਾਅਦ ਪਾਕਿਸਤਾਨ ਵਿਚ ਗ੍ਰਿਫਤਾਰ ਕਰ ਲਿਆ ਗਿਆ। ਪਾਕਿਸਤਾਨ ਅਪਣੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਜੇਲ੍ਹਾਂ ’ਚ ਡੱਕਣ ਲਈ ਬਦਨਾਮ ਰਿਹਾ ਹੈ, ਜਦਕਿ ਦੇਸ਼ ਵਾਰ-ਵਾਰ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਫੌਜੀ ਤਾਨਾਸ਼ਾਹਾਂ ਵਿਰੁਧ ਕੋਈ ਕਾਰਵਾਈ ਕਰਨ ਤੋਂ ਪਰਹੇਜ਼ ਕਰਦਾ ਰਿਹਾ ਹੈ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਸਨਿਚਰਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਮਾਮਲੇ ’ਚ ਉਨ੍ਹਾਂ ’ਤੇ ਸੱਤਾ ’ਚ ਰਹਿੰਦੇ ਹੋਏ ਮਹਿੰਗੇ ਸਰਕਾਰੀ ਤੋਹਫੇ ਵੇਚ ਕੇ ਮੁਨਾਫਾ ਕਮਾਉਣ ਦਾ ਦੋਸ਼ ਹੈ। ਅਦਾਲਤ ਦੇ ਫੈਸਲੇ ਤੋਂ ਬਾਅਦ, ਇਸਲਾਮਾਬਾਦ ਪੁਲਿਸ ਨੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ 70 ਸਾਲਾਂ ਦੇ ਖਾਨ ਨੂੰ ਲਾਹੌਰ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ।

ਖਾਨ ਜੇਲ੍ਹ ਜਾਣ ਵਾਲੇ ਪਹਿਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਹੀਂ ਹਨ, ਦੇਸ਼ ਦੇ ਇਤਿਹਾਸ ’ਚ ਚੁਣੇ ਹੋਏ ਨੇਤਾਵਾਂ ਨਾਲ ਕੀਤੇ ਗਏ ਸਲੂਕ ਦੀਆਂ ਬਹੁਤ ਸਾਰੀਆਂ ਅਣਸੁਖਾਵੀਆਂ ਉਦਾਹਰਣਾਂ ਹਨ। ਸੂਚੀ ’ਚ ਸਭ ਤੋਂ ਪਹਿਲਾਂ ਪੂਰਬੀ ਪਾਕਿਸਤਾਨ ਦੇ ਇਕ ਬੰਗਾਲੀ ਸਿਆਸਤਦਾਨ ਹੁਸੈਨ ਸ਼ਹੀਦ ਸੁਹਰਾਵਰਦੀ ਹਨ, ਜਿਨ੍ਹਾਂ ਨੇ ਪੰਜਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ ਸੀ।

ਸੁਹਰਾਵਰਦੀ ਨੂੰ ਜਨਵਰੀ 1962 ਵਿਚ ਗ੍ਰਿਫਤਾਰ ਕਰ ਲਿਆ ਗਿਆ ਅਤੇ ‘ਰਾਸ਼ਟਰ ਵਿਰੋਧੀ ਗਤੀਵਿਧੀਆਂ’ ਦੇ ਝੂਠੇ ਦੋਸ਼ਾਂ ’ਚ ਕੈਦ ਕਰ ਲਿਆ ਗਿਆ। ਫੌਜੀ ਸ਼ਾਸਕ ਜਨਰਲ ਅਯੂਬ ਖਾਨ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਲਈ ਉਸ ਨੂੰ ‘ਭੁਗਤਣਾ’ ਕਰਨਾ ਪਿਆ। ਨੌਵੇਂ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਉਣ ਵਾਲੇ ਜ਼ੁਲਫ਼ਕਾਰ ਅਲੀ ਭੁੱਟੋ ਨੂੰ 1974 ਵਿਚ ਇਕ ਸਿਆਸੀ ਵਿਰੋਧੀ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ 4 ਅਪ੍ਰੈਲ 1979 ਨੂੰ ਫਾਂਸੀ ਦਿਤੀ ਗਈ।

ਬੇਨਜ਼ੀਰ ਭੁੱਟੋ ਨੇ ਦੋ ਵਾਰ 1988 ਤੋਂ 1990 ਤਕ ਅਤੇ ਫਿਰ 1993 ਤੋਂ 1996 ਤਕ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਦੇਸ਼ ਦੀ ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੂੰ ਕਈ ਵਾਰ ਗ੍ਰਿਫਤਾਰ ਕੀਤਾ ਗਿਆ ਸੀ - ਪਹਿਲੀ ਵਾਰ 1985 ਵਿਚ ਅਤੇ 90 ਦਿਨਾਂ ਲਈ ਘਰ ਵਿਚ ਨਜ਼ਰਬੰਦ ਰਖਿਆ ਗਿਆ ਸੀ। ਅਗੱਸਤ 1986 ’ਚ, ਬੇਨਜ਼ੀਰ ਭੁੱਟੋ ਨੂੰ ਕਰਾਚੀ ’ਚ ਇਕ ਰੈਲੀ ’ਚ ਫੌਜੀ ਤਾਨਾਸ਼ਾਹ ਜ਼ਿਆਉਲ ਹੱਕ ਦੀ ਨਿੰਦਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ। ਅਪ੍ਰੈਲ 1999 ਵਿਚ ਉਸ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਅਯੋਗ ਕਰਾਰ ਦਿਤਾ ਗਿਆ। ਬੇਨਜ਼ੀਰ ਗ੍ਰਿਫਤਾਰੀ ਤੋਂ ਬਚ ਗਈ ਕਿਉਂਕਿ ਉਹ ਸਵੈ-ਜਲਾਵਤ ’ਚ ਸੀ।

1999 ’ਚ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਸੱਤਾ ਸੰਭਾਲਣ ਤੋਂ ਬਾਅਦ, ਨਵਾਜ਼ ਸ਼ਰੀਫ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ’ਚ ਉਹ 10 ਸਾਲ ਤਕ ਜ਼ਲਾਵਤਨੀ ’ਚ ਰਹੇ। ਜੁਲਾਈ 2018 ’ਚ, ਨਵਾਜ਼ ਨੂੰ ਭ੍ਰਿਸ਼ਟਾਚਾਰ ਦੇ ਇਕ ਕੇਸ ’ਚ ਉਸ ਦੀ ਧੀ ਮਰੀਅਮ ਨਵਾਜ਼ ਦੇ ਨਾਲ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਸੇ ਸਾਲ ਦਸੰਬਰ ’ਚ ‘ਅਲ-ਅਜ਼ੀਜ਼ੀਆ ਸਟੀਲ ਮਿੱਲ’ ਭ੍ਰਿਸ਼ਟਾਚਾਰ ਮਾਮਲੇ ’ਚ ਉਨ੍ਹਾਂ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ।

ਉਹ 2019 ’ਚ ਇਲਾਜ ਲਈ ਲੰਡਨ ਗਏ ਸਨ ਅਤੇ ਪਾਕਿਸਤਾਨ ਵਾਪਸ ਨਹੀਂ ਆਏ। ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਵੀ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਜੁਲਾਈ 2019 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ।