ਪੰਜਾਬ ਤੇ ਕੇਰਲ ਰਾਜ, ਕੋਰੋਨਾ ਦੇ ਜੇਤੂ ਸੂਬੇ ਹੋਣ ਤੋਂ ਬਾਅਦ ਹੁਣ ਹੇਠਾਂ ਵਲ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜਾਬ ਵਿਚ ਪੂਰੇ ਦੇਸ਼ ਦੇ ਮੁਕਾਬਲੇ ਵੱਧ ਰਹੀ ਹੈ।

Coronavirus

ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜਾਬ ਵਿਚ ਪੂਰੇ ਦੇਸ਼ ਦੇ ਮੁਕਾਬਲੇ ਵੱਧ ਰਹੀ ਹੈ। ਜਿਥੇ ਦੇਸ਼ ਵਿਚ ਮੌਤਾਂ ਦਾ ਅੰਕੜਾ 3.36 ਫ਼ੀਸਦੀ ਤੋਂ ਡਿੱਗ ਕੇ 1.81 ਫ਼ੀ ਸਦੀ ਤੇ ਆ ਚੁਕਾ ਹੈ, ਪੰਜਾਬ ਵਿਚ ਇਹ ਗਿਣਤੀ 2.41 ਫ਼ੀ ਸਦੀ  ਤੋਂ ਵੱਧ ਕੇ 2.64 ਫ਼ੀ ਸਦੀ ਤੇ ਪਹੁੰਚ ਚੁੱਕੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਤਾਬਕ ਇਸ ਪਿਛੇ ਦਾ ਕਾਰਨ ਲੋਕਾਂ ਵਲੋਂ ਟੈਸਟ ਕਰਵਾਉਣ ਵਿਚ ਦੇਰੀ ਹੈ।

61 ਫ਼ੀਸਦੀ ਮੌਤਾਂ ਇਸ ਕਾਰਨ ਹੋਈਆਂ ਕਿ ਉਨ੍ਹਾਂ ਨੇ ਅਪਣਾ ਟੈਸਟ ਨਹੀਂ ਕਰਵਾਇਆ ਸੀ ਤੇ ਉਹ ਇਲਾਜ ਕਰਵਾਉਣ, ਦੇਰ ਨਾਲ ਆਏ। ਇਹ ਬਿਲਕੁਲ ਠੀਕ ਹੈ ਕਿਉਂਕਿ ਇਹ ਆਮ ਵੇਖਿਆ ਜਾ ਰਿਹਾ ਹੈ ਕਿ ਲੋਕ ਟੈਸਟ ਕਰਵਾਉਣ ਤੋਂ ਵੀ ਘਬਰਾ ਰਹੇ ਹਨ। ਕਈ ਪਿੰਡਾਂ ਨੇ ਅਪਣੇ ਆਪ ਨੂੰ ਬੰਦ ਕਰ ਲਿਆ ਹੈ ਤੇ ਸਿਹਤ ਵਿਭਾਗ ਦੀ ਕਿਸੇ ਵੀ ਟੀਮ ਨੂੰ ਅੰਦਰ ਆਉਣ ਤੋਂ ਰੋਕ ਰਹੇ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਜੇਕਰ ਸਰਕਾਰੀ ਹਸਪਤਾਲ ਪਹੁੰਚ ਗਏ ਤਾਂ ਫਿਰ ਬਚਾਅ ਨਾਮੁਮਕਿਨ ਹੈ।

ਕੁੱਝ ਅਫ਼ਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ ਕਿ ਡਾਕਟਰ ਪੈਸੇ ਲੈ ਕੇ ਕਿਸੇ ਦਾ ਵੀ ਟੈਸਟ ਪਾਜ਼ੇਟਿਵ ਜਾਂ ਨੈਗੇਟਿਵ ਕਰ ਦਿੰਦੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਵਿਅਕਤੀਆਂ ਨੂੰ ਦਵਾਈ ਨਾਲ ਮਾਰ ਕੇ, ਸ੍ਰੀਰ ਦੇ ਅੰਗਾਂ ਦੀ ਚੋਰੀ ਹੋ ਰਹੀ ਹੈ। ਹਸਪਤਾਲਾਂ ਵਲੋਂ ਵਧਾ ਚੜ੍ਹਾ ਕੇ ਹਸਪਤਾਲ ਦਾ ਬਿਲ ਬਣਾਉਣ ਦੀਆਂ ਕਈ ਕਹਾਣੀਆਂ ਸਾਹਮਣੇ ਆ ਰਹੀਆਂ ਹਨ।

ਪੰਜਾਬ ਦੇ ਨਿਜੀ ਹਸਪਤਾਲਾਂ ਵਿਚ ਵੈਂਟੀਲੇਟਰ ਦਾ ਬਿਲ ਜੋੜਿਆ ਜਾ ਰਿਹਾ ਹੈ ਜਦਕਿ ਦੁਨੀਆਂ ਦੇ ਮਾਹਰ ਆਖ ਰਹੇ ਹਨ ਕਿ ਕੋਰੋਨਾ ਵਿਚ ਵੈਂਟੀਲੇਟਰ ਦੀ ਵਰਤੋਂ ਘੱਟ ਤੋਂ ਘੱਟ ਕਰਨ ਨਾਲ ਇਲਾਜ ਬਿਹਤਰ ਹੁੰਦਾ ਹੈ। ਸੋ ਇਨ੍ਹਾਂ ਮਹਿੰਗੇ ਬਿਲਾਂ ਨੇ ਵੀ ਲੋਕਾਂ ਨੂੰ ਡਰਾ ਦਿਤਾ ਹੈ ਭਾਵੇਂ ਕਿ ਬਹੁਤੀਆਂ ਅਫ਼ਵਾਹਾਂ ਝੂਠੀਆਂ ਹੀ ਸਾਬਤ ਹੋਈਆਂ ਹਨ।

ਅੱਜ ਇਕ ਗੱਲ ਸਾਫ਼ ਹੈ ਕਿ ਪੰਜਾਬ ਵਿਚ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ ਪਰ ਅਫ਼ਵਾਹਾਂ ਨੂੰ ਯਕੀਨ ਵਿਚ ਬਦਲਣ ਪਿਛੇ ਦਾ ਕਾਰਨ ਸਰਕਾਰ ਪ੍ਰਤੀ ਬੇਵਿਸ਼ਵਾਸੀ ਹੈ। ਅੱਜ ਸਰਕਾਰ ਆਖ ਰਹੀ ਹੈ ਕਿ ਉਹ ਅਫ਼ਵਾਹਾਂ ਫੈਲਾਉਣ ਵਾਲਿਆਂ ਨਾਲ ਸਖ਼ਤੀ ਕਰੇਗੀ ਜਦਕਿ ਉਨ੍ਹਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਲੋਕ ਉਨ੍ਹਾਂ 'ਤੇ ਵਿਸ਼ਵਾਸ ਕਿਉਂ ਨਹੀਂ ਕਰ ਰਹੇ।

ਇਸ ਬੇਵਿਸ਼ਵਾਸੀ ਨੂੰ ਦੇਖਦੇ ਹੋਏ ਦਿੱਲੀ ਤੋਂ ਕੇਜਰੀਵਾਲ ਪੰਜਾਬੀਆਂ ਵਾਸਤੇ ਆਕਸੀਜਨ ਦਾ ਪੱਧਰ ਜਾਣਨ ਵਾਸਤੇ ਘਰ-ਘਰ, ਪਿੰਡ-ਪਿੰਡ ਆਕਸੀਮੀਟਰ ਭੇਜ ਰਹੇ ਹਨ। ਡੇਢ ਮਹੀਨਾ ਪਹਿਲਾਂ ਪੰਜਾਬ ਤੇ ਕੇਰਲਾ ਦੇਸ਼ ਵਿਚ ਸੱਭ ਤੋਂ ਅੱਵਲ ਸੂਬੇ ਸਾਬਤ ਮੰਨੇ ਜਾਂਦੇ ਸਨ ਜਿਥੇ ਕੋਵਿਡ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਸੀ। ਇਹ ਦੋਵੇਂ ਸੂਬੇ ਜਨਵਰੀ ਤੋਂ ਚੌਕਸ ਸਨ। ਪਰ ਅੱਜ ਦੇ ਦਿਨ ਦੋਵੇਂ ਹੀ ਸੂਬੇ ਕੋਵਿਡ ਦੀ ਜੰਗ ਵਿਚ ਕਮਜ਼ੋਰ ਪੈ ਰਹੇ ਹਨ।

ਕੇਰਲ ਵਿਚ ਸਰਕਾਰ ਦਾ ਡਿਗਣਾ ਤੇ ਸੈਂਕੜੇ ਵਰਕਰਾਂ ਦਾ ਵਾਪਸ ਪਰਤਣਾ ਮਹਾਂਮਾਰੀ ਫੈਲਣ ਦਾ ਕਾਰਨ ਮੰਨਿਆ ਜਾ ਰਿਹਾ ਹੈ। ਪੰਜਾਬ ਵਿਚ ਵੀ ਪ੍ਰਵਾਸੀ ਮਜ਼ਦੂਰਾਂ ਨਾਲ ਹੀ ਅੱਜ ਦੀ ਹਾਲਤ ਜੁੜੀ ਹੋਈ ਹੈ ਪਰ ਪੰਜਾਬ ਸਰਕਾਰ ਪ੍ਰਤੀ ਬੇਵਿਸ਼ਵਾਸੀ ਦੇ ਕਾਰਨ ਕੋਈ ਹੋਰ ਹਨ। ਅੱਜ ਦੀ ਪੰਜਾਬ ਸਰਕਾਰ ਭਾਵੇਂ ਸੋਸ਼ਲ ਮੀਡੀਆ ਤੇ ਅਪਣੇ ਸੰਦੇਸ਼ ਦਿੰਦੀ ਰਹਿੰਦੀ ਹੈ ਪਰ ਲੋਕਾਂ ਵਿਚਕਾਰ ਖੜੀ ਨਜ਼ਰ ਨਹੀਂ ਆ ਰਹੀ।

ਅੱਜ ਸਿਰਫ਼ ਪਿੰਡਾਂ ਵਲੋਂ ਹੀ ਨਹੀਂ, ਸ਼ਹਿਰੀ ਦੁਕਾਨਦਾਰਾਂ ਵਲੋਂ ਵੀ ਬਗ਼ਾਵਤ ਹੋ ਰਹੀ ਹੈ ਕਿਉਂਕਿ ਉਹ ਆਖਦੇ ਹਨ ਕਿ ਜੇ ਠੇਕੇ (ਭਾਵੇਂ ਗ਼ੈਰ ਕਾਨੂੰਨੀ) ਦੇਰ ਰਾਤ ਤਕ ਖੁਲ੍ਹੇ ਰਹਿ ਸਕਦੇ ਹਨ ਤਾਂ ਫਿਰ ਦੁਕਾਨਾਂ ਕਿਉਂ ਨਹੀਂ ਖੁਲ੍ਹ ਸਕਦੀਆਂ? ਪੰਜਾਬ ਪੁਲਿਸ ਦਾ ਇਕ ਵੀ ਡੰਡਾ ਹੁਣ ਬੰਬ ਵਾਂਗ ਲਗਦਾ ਹੈ। ਪੰਜਾਬ ਸਰਕਾਰ ਨੂੰ ਅਪਣੇ ਇਕਾਂਤਵਾਸ ਤੋਂ ਬਾਹਰ ਨਿਕਲ ਕੇ ਅਪਣੇ ਮਾਸਕ ਤੇ ਪੁਲਿਸ ਦੀ ਕਾਰਗੁਜ਼ਾਰੀ ਵਲ ਨਜ਼ਰ ਮਾਰਨ ਦੀ ਜ਼ਰੂਰਤ ਹੈ ਨਹੀਂ ਤਾਂ ਇਹ ਬੇਵਿਸ਼ਵਾਸੀ ਪੱਕੀ ਹੋ ਜਾਵੇਗੀ।  -ਨਿਮਰਤ ਕੌਰ