ਕਿਸਾਨ ਮੋਰਚੇ ਨੇ ਕੀਤਾ ਐਲਾਨ, ਹੁਣ 25 ਦੀ ਥਾਂ 27 ਸਤੰਬਰ ਨੂੰ ਰਹੇਗਾ ਭਾਰਤ ਬੰਦ
ਸਰਕਾਰ ਸਿਰਫ਼ ਆਪਣੀ ਮਨਮਾਨੀ ਕਰ ਰਹੀ ਹੈ - ਯੋਗੇਂਦਰ ਯਾਦਵ
ਮੁਜ਼ੱਫਰਨਗਰ : ਗੌਰਮਿੰਟ ਇੰਟਰ ਕਾਲਜ ਦੇ ਗਰਾਂਊਂਡ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਮਹਾਪੰਚਾਇਤ ਵਿੱਚ ਵੱਡੀ ਗਿਣਤੀ ਵਿਚ ਕਿਸਾਨ ਪਹੁੰਚੇ। ਹਰਿਆਣਾ, ਰਾਜਸਥਾਨ, ਪੰਜਾਬ, ਉਤਰਾਖੰਡ ਸਮੇਤ ਦੇਸ਼ ਦੇ ਹਰ ਕੋਨੇ ਤੋਂ ਕਿਸਾਨਾਂ ਨੇ ਮਹਾਪੰਚਾਇਤ ਵਿਚ ਸ਼ਿਰਕਤ ਕੀਤੀ। ਸਥਿਤੀ ਇਹ ਹੈ ਕਿ ਪੰਚਾਇਤ ਵਾਲੀ ਜਗ੍ਹਾ ਗੌਰਮਿਟ ਇੰਟਰ ਕਾਲਜ ਦਾ ਮੈਦਾਨ ਪੂਰੀ ਤਰ੍ਹਾਂ ਭਰਿਆ ਪਿਆ ਹੈ।
ਸੰਯੁਕਤ ਕਿਸਾਨ ਮੋਰਚਾ ਨੇ ਮੰਚ ਤੋਂ ਵੱਡਾ ਐਲਾਨ ਕੀਤਾ ਹੈ। ਦਰਅਸਲ ਪਹਿਲਾਂ ਕਿਸਾਨ ਮੋਰਚੇ ਨੇ 25 ਤਾਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਪਰ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਹੈ ਕਿ 25 ਦੀ ਜਗ੍ਹਾ ਹੁਣ 27 ਸਤੰਬਰ ਨੂੰ ਭਾਰਤ ਬੰਦ ਕੀਤਾ ਜਾਵੇਗਾ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਯੋਗੀ ਸਰਕਾਰ 'ਤੇ ਤਿੱਖਾ ਹਮਲਾ ਕੀਤਾ।
ਯੋਗੀ ਸਰਕਾਰ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਫ਼ਸਲ ਦੀ ਕੀਮਤ ਨਹੀਂ ਮਿਲੀ, ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਨਹੀਂ ਕੀਤਾ ਗਿਆ, ਕਿਸਾਨਾਂ ਦੇ ਬਕਾਏ ਨਹੀਂ ਦਿੱਤੇ ਗਏ। ਸਰਕਾਰ ਸਿਰਫ਼ ਆਪਣੀ ਮਨਮਾਨੀ ਕਰ ਰਹੀ ਹੈ। ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਬਜਾਏ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸਰਕਾਰ ਨੇ ਕਿਹਾ ਸੀ ਕਿ ਉਹ ਕਣਕ ਦੇ ਦਾਣੇ ਖਰੀਦੇਗੀ, ਪਰ ਕਿੰਨੀ ਖਰੀਦੀ ਗਈ ਇਹ ਸਭ ਦੇ ਸਾਹਮਣੇ ਹੈ। ਸਰਕਾਰ ਇੱਕ ਚਾਲਬਾਜ ਹੈ।