ਟਿਕੈਤ ਦੀ ਪਤਨੀ ਨੇ ਲਲਕਾਰੀ ਮੋਦੀ ਸਰਕਾਰ 'ਯੋਗੀ ਤੇ ਮੋਦੀ ਵਰਗੇ ਦੇਖ ਲੈਣ ਲੱਖਾਂ ਕਿਸਾਨਾਂ ਦਾ ਇਕੱਠ' 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੋਦੀ ਦੇਖ ਲਵੇ ਕਿ ਕਿਸਾਨ ਤਾਂ ਕਿਸਾਨ ਹੀ ਹੈ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਸਭ ਆਪਣੀ ਜਾਤ-ਪਾਤ ਭੁੱਲ ਕੇ ਕਿਸਾਨਾਂ ਦਾ ਸਾਥ ਦੇਣ ਪਹੁੰਚ ਜਾਂਦੇ ਹਨ

File Photo

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਅੱਜ ਕਿਸਾਨਾਂ ਨੇ ਮਹਾਪੰਚਾਇਤ ਸੱਦੀ ਹੈ। ਇਸ ਮਹਾਪੰਚਾਇਤ ’ਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਮੂਲੀਅਤ ਕਰ ਦਿੱਤੀ ਹੈ। ਇਹ ਕਿਸਾਨ ਮਹਾਪੰਚਾਇਤ ਜੀ. ਆਈ. ਸੀ. ਗਰਾਊਂਡ ’ਚ ਹੋ ਰਹੀ ਹੈ, ਜਿਸ ਵਿਚ ਕਿਸਾਨਾਂ ਦੇ ਕਈ ਵੱਡੇ ਆਗੂ ਵੀ ਸ਼ਾਮਲ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਕਰੀਬ 9 ਮਹੀਨਿਆਂ ਤੋਂ ਡਟੇ ਕਿਸਾਨ ਇਸ ਮਹਾਪੰਚਾਇਤ ਵਿਚ ਪਹੁੰਚੇ ਹਨ।

ਕਿਸਾਨਾਂ ਦੇ ਵੱਡੇ ਕਾਫਲੇ ਬੀਤੀ ਰਾਤ ਤੋਂ ਹੀ ਮੁਜ਼ੱਫਰਨਗਰ ਵਿੱਚ ਮਹਾਂਪੰਚਾਇਤ ਵਾਲੇ ਪੰਡਾਲ ਵਿੱਚ ਪੁੱਜ ਗਏ। ਇਸ ਮਹਾਪੰਚਾਇਤ ਤੋਂ ਪਹਿਲਾਂ ਕਈ ਕਿਸਾਨ ਸਮਰਥਕਾਂ ਨੇ ਸਰਕਾਰ ਨੂੰ ਲਹਾਨਤਾਂ ਪਾਈਆਂ ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਦੀ ਪਤਨੀ ਨੇ ਵੀ ਸਰਕਾਰ ਨੂੰ ਝਾੜ ਲਗਾਈ ਹੈ। ਟਿਕੈਤ ਦੀ ਪਤਨੀ ਨੇ ਕਿਹਾ ਕਿ ਜੋ ਲੋਕ ਕਹਿੰਦੇ ਸੀ ਕਿ ਇਹ ਮੁੱਠੀ ਭਰ ਕਿਸਾਨ ਹਨ ਉਹ ਅੱਜ ਯੋਗੀ ਤੇ ਮੋਦੀ ਵਰਗੇ ਦੇਖ ਲੈਣ ਕਿ ਮੁੱਠੀ ਭਰ ਕਿਸਾਨ ਹਨ ਜਾਂ ਲੱਖਾਂ ਕਿਸਾਨ। ਉਹਨਾਂ ਕਿਹਾ ਕਿ ਸਰਕਾਰ ਕਹਿੰਦੀ ਸੀ ਕਿ ਸਿਰਫ਼ ਹਰਿਆਣਾ ਤੇ ਪੰਜਾਬ ਦੇ ਕਿਸਾਨ ਹੀ ਹਨ

ਪਰ ਅੱਜ ਦੇਖ ਲਵੇ ਸਰਕਾਰ ਕਿ ਪੂਰੀ ਦੁਨੀਆਂ ਤੋਂ ਕਿਸਾਨ ਇਸ ਮਹਾਪੰਚਾਇਤ ਵਿਚ ਪਹੁੰਚੇ ਹਨ ਤੇ ਪਹੁੰਚ ਰਹੇ ਹਨ।  ਰਾਕੇਸ਼ ਟਿਕੈਤ ਬਾਰੇ ਉਹਨਾਂ ਕਿਹਾ ਕਿ ਉਹ ਨਾ ਤਾਂ ਹੁਣ ਤੱਕ ਘਰ ਆਏ ਹਨ ਤੇ ਨਾ ਹੀ ਅੱਗੇ ਆਉਣਗੇ ਜਿਨ੍ਹਾਂ ਸਮਾਂ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ। ਇਸ ਦੇ ਨਾਲ ਹੀ ਟਿਕੈਤ ਦੀ ਪਤਨੀ ਦੇ ਨਾਲ ਮੌਜੂਦ ਹੋਰ ਮਹਿਲਾਵਾਂ ਨੇ ਵੀ ਮੋਦੀ ਨੂੰ ਲਾਹਨਤਾਂ ਪਾਈਆਂ।

ਉਹਨਾਂ ਕਿਹਾ ਕਿ ਅੱਜ ਮੋਦੀ ਦੇਖ ਲਵੇ ਕਿ ਕਿਸਾਨ ਤਾਂ ਕਿਸਾਨ ਹੀ ਹੈ ਜਦੋਂ ਕਿਸਾਨ ਦੀ ਗੱਲ ਆਉਂਦੀ ਹੈ ਤਾਂ ਸਭ ਆਪਣੀ ਜਾਤ-ਪਾਤ ਭੁੱਲ ਕੇ ਕਿਸਾਨਾਂ ਦਾ ਸਾਥ ਦੇਣ ਪਹੁੰਚ ਜਾਂਦੇ ਹਨ ਤੇ ਸਰਕਾਰ ਕਿਸਾਨਾਂ 'ਤੇ ਕੋਰੋਨਾ ਫੈਲਾਉਣ ਦਾ ਦੋਸ਼ ਵੀ ਲਗਾਉਂਦੀ ਰਹੀ ਹੈ ਪਰ ਜਦੋਂ ਇਹਨਾਂ ਦੀ ਸਿਆਸੀ ਰੈਲੀ ਹੁੰਦੀ ਹੈ ਉਦੋਂ ਤਾਂ ਕੋਰੋਨਾ ਫੈਲਦਾ ਨਹੀਂ ਤੇ ਨਾ ਹੀ ਉਦੋਂ ਧਾਰਾ 144 ਲੱਗਦੀ ਹੈ ਪਰ ਜਿੱਥੇ ਹੀ ਕਿਸਾਨ ਰੈਲੀ ਕਰਦੇ ਹਨ ਉੱਥੇ ਧਾਰਾ 144 ਮਿੰਟ 'ਚ ਲਗਾ ਦਿੱਤੀ ਜਾਂਦੀ ਹੈ।