ਮਾਸੂਮ ਪੁੱਤ ਦੀ ਰਾਖੀ ਲਈ ਸ਼ੇਰ ਨਾਲ ਟਕਰਾ ਗਈ ਮਾਂ, ਛੁਡਾਇਆ ਆਪਣਾ ਬੱਚਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਜ਼ਖ਼ਮੀ ਮਾਂ ਤੇ ਬੱਚਾ ਹਸਪਤਾਲ 'ਚ ਇਲਾਜ ਅਧੀਨ 

A mother collided with a lion to protect her innocent son, rescued her child

ਉਮਰੀਆ: ਮੱਧ ਪ੍ਰਦੇਸ਼ ਦੇ ਇਕ ਪਿੰਡ ਦੀ 25 ਸਾਲਾ ਔਰਤ ਆਪਣੀ ਜਾਨ ਦੀ ਪਰਵਾਹ ਕੀਤੇ ਬਗ਼ੈਰ ਸ਼ੇਰ ਨਾਲ ਟਕਰਾ ਗਈ, ਅਤੇ ਆਪਣੇ 15 ਮਹੀਨੇ ਦੇ ਬੱਚੇ ਨੂੰ ਸ਼ੇਰ ਦੀ ਗਿਰਫ਼ਤ 'ਚੋਂ ਛੁਡਵਾਇਆ। ਇਹ ਘਟਨਾ ਉਮਰੀਆ ਜ਼ਿਲ੍ਹੇ ਦੇ ਬੰਧਵਗੜ੍ਹ ਟਾਈਗਰ ਰਿਜ਼ਰਵ ਅਧੀਨ ਪੈਂਦੇ ਪਿੰਡ ਰੋਹਨੀਆ ਵਿੱਚ ਵਾਪਰੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਸ਼ੇਰ ਨੂੰ ਲੱਭਣ ਲਈ ਯਤਨ ਜਾਰੀ ਹਨ, ਅਤੇ ਜੰਗਲੀ ਖੇਤਰਾਂ ਦੇ ਵਸਨੀਕਾਂ ਦੀ ਸੁਰੱਖਿਆ ਲਈ ਕਦਮ ਚੁੱਕੇ ਜਾ ਰਹੇ ਹਨ।

ਪਤਾ ਲੱਗਿਆ ਹੈ ਕਿ ਅਰਚਨਾ ਚੌਧਰੀ ਨਾਂ ਦੀ ਔਰਤ ਆਪਣੇ ਬੇਟੇ ਰਵੀਰਾਜ ਨੂੰ ਸ਼ੌਚ ਕਰਵਾਉਣ ਲਈ ਖੇਤ 'ਚ ਲੈ ਗਈ, ਤਾਂ ਅਚਾਨਕ ਇੱਕ ਸ਼ੇਰ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਬੱਚੇ ਨੂੰ ਜਬਾੜ੍ਹੇ ਤੋਂ ਫ਼ੜ ਲਿਆ। ਔਰਤ ਨੇ ਆਪਣੇ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ।

ਅਰਚਨਾ ਨੇ ਗੱਲ ਕਰਦੇ ਹੋਏ ਦੱਸਿਆ ਕਿ ਉਹ ਲਗਾਤਾਰ ਆਪਣੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ। ਇਸ ਦੌਰਾਨ ਜਦੋਂ ਉਸ ਨੇ ਰੌਲ਼ਾ ਪਾਇਆ ਤਾਂ ਕੁਝ ਪਿੰਡ ਵਾਸੀ ਵੀ ਉੱਥੇ ਪਹੁੰਚ ਗਏ। ਜਦੋਂ ਪਿੰਡ ਵਾਸੀਆਂ ਨੇ ਸ਼ੇਰ ਦਾ ਪਿੱਛਾ ਕੀਤਾ ਤਾਂ ਉਹ ਬੱਚੇ ਨੂੰ ਛੱਡ ਕੇ ਜੰਗਲ ਵਿੱਚ ਭੱਜ ਗਿਆ। ਅਰਚਨਾ ਦੇ ਪਤੀ ਭੋਲਾ ਪ੍ਰਸਾਦ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਪਿੱਠ ਅਤੇ ਬਾਹਾਂ 'ਤੇ ਸੱਟਾਂ ਲੱਗੀਆਂ ਹਨ, ਜਦਕਿ ਉਸ ਦੇ ਪੁੱਤਰ ਦੇ ਸਿਰ ਅਤੇ ਪਿੱਠ 'ਤੇ ਸੱਟਾਂ ਲੱਗੀਆਂ ਹਨ।

ਦੋਵੇਂ ਜ਼ਖ਼ਮੀਆਂ ਨੂੰ ਮਾਨਪੁਰ ਦੇ ਸਿਹਤ ਕੇਂਦਰ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਤੁਰੰਤ ਉਮਰੀਆ ਦੇ ਜ਼ਿਲ੍ਹਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਜੰਗਲਾਤ ਵਿਭਾਗ ਵੱਲੋਂ ਸ਼ੇਰ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।  ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਜੰਗਲਾਤ ਖੇਤਰ 'ਚ ਪੈਂਦੇ ਪਿੰਡਾਂ ਦੇ ਵਸਨੀਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਛੇਤੀ ਹੀ ਬੈਠਕ ਕੀਤੀ ਜਾਵੇਗੀ।