ਹੋਟਲ 'ਚ ਲੱਗੀ ਅੱਗ, ਅਨੇਕਾਂ ਲੋਕ ਫ਼ਸੇ, ਬਚਾਅ ਕਾਰਜ ਜਾਰੀ
ਅੱਗ ਲੱਗਣ ਦੇ ਕਾਰਨਾਂ ਦੀ ਪੁਸ਼ਟੀ ਨਹੀਂ, ਸ਼ਾਰਟ ਸਰਕਟ 'ਤੇ ਜਤਾਇਆ ਜਾ ਰਿਹਾ ਹੈ ਸ਼ੱਕ
ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਦੇ ਹਜ਼ਰਤਗੰਜ ਇਲਾਕੇ 'ਚ ਸੋਮਵਾਰ ਸਵੇਰੇ ਇੱਕ ਹੋਟਲ 'ਚ ਅੱਗ ਲੱਗ ਗਈ, ਜਿਸ ਕਾਰਨ ਹੋਟਲ 'ਚ ਅਨੇਕਾਂ ਲੋਕ ਫ਼ਸ ਗਏ। ਇਹ ਘਟਨਾ ਹਜ਼ਰਤਗੰਜ ਦੇ ਮਦਨ ਮੋਹਨ ਮਾਲਵੀਆ ਮਾਰਗ 'ਤੇ ਸਥਿਤ ਲੇਵਾਨਾ ਸੂਟ ਹੋਟਲ 'ਚ ਵਾਪਰੀ। ਮੌਕੇ 'ਤੇ ਹਾਜ਼ਰ ਜ਼ਿਲ੍ਹਾ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ, “ਹੋਟਲ ਮਾਲਕ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਹੋਟਲ ਵਿੱਚ 30 ਕਮਰੇ ਹਨ, ਜਿਨ੍ਹਾਂ ਵਿੱਚੋਂ 18 ਕਮਰੇ ਬੁੱਕ ਹਨ। ਉੱਥੇ 35-40 ਲੋਕ ਸਨ ਅਤੇ ਕੁਝ ਲੋਕ ਸਵੇਰੇ ਹੋਟਲ ਤੋਂ ਚਲੇ ਗਏ ਸਨ।"
ਉਹਨਾਂ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫ਼ਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਬੁਝਾਉਣ 'ਚ ਜੁਟੇ ਹੋਏ ਹਨ। ਜ਼ਿਆਦਾਤਰ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਬਾਰੇ ਪੁੱਛੇ ਜਾਣ 'ਤੇ ਪਤਾ ਲੱਗਿਆ ਹੈ ਕਿ ਹੋ ਸਕਦਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੋਵੇ, ਹਾਲਾਂਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਹਾਲੇ ਕੀਤੀ ਜਾ ਰਹੀ ਹੈ। ਫ਼ਾਇਰ ਬ੍ਰਿਗੇਡ ਦੇ ਕਰਮਚਾਰੀ ਇਹ ਪਤਾ ਲਗਾਉਣ ਦੀ ਵੀ ਲਗਾਤਾਰ ਕੋਸ਼ਿਸ਼ 'ਚ ਹਨ ਕਿ ਹੋਟਲ ਦੇ ਪਰਿਸਰ 'ਚ ਕੋਈ ਫ਼ਸਿਆ ਹੋਇਆ ਤਾਂ ਨਹੀਂ।