ਔਰਤ ਦੀ ਕਰਵਾਈ 'ਕੁੰਵਾਰੇਪਣ ਦੀ ਜਾਂਚ', ਫ਼ੇਲ੍ਹ ਹੋਣ 'ਤੇ ਲਾਇਆ 10 ਲੱਖ ਰੁਪਏ ਦਾ ਜੁਰਮਾਨਾ
ਰਾਜਸਥਾਨ 'ਚ ਅੱਜ ਵੀ ਪ੍ਰਚਲਿਤ ਹੈ 'ਕੁਕੜੀ ਪ੍ਰਥਾ' ਨਾਂਅ ਦੀ ਸਮਾਜਿਕ ਕੁਰੀਤੀ
ਜੈਪੁਰ: ਰਾਜਸਥਾਨ ਦੇ ਭੀਲਵਾੜਾ ਵਿੱਚ ਇੱਕ 24 ਸਾਲਾ ਵਿਆਹੁਤਾ ਔਰਤ ਨੂੰ ਵਿਆਹ ਤੋਂ ਬਾਅਦ ਪਹਿਲੇ ਦਿਨ ‘ਵਰਜਿਨਿਟੀ ਟੈਸਟ’ ਭਾਵ 'ਕੁੰਵਾਰੇਪਣ ਦੀ ਜਾਂਚ' ਕਰਵਾਉਣ ਲਈ ਮਜਬੂਰ ਕੀਤਾ ਗਿਆ, ਅਤੇ ਇਸ ਜਾਂਚ 'ਚ ਫ਼ੇਲ੍ਹ ਹੋਣ 'ਤੇ ਖਾਪ ਪੰਚਾਇਤ ਨੇ ਉਸ ’ਤੇ 10 ਲੱਖ ਰੁਪਏ ਦਾ ਜੁਰਮਾਨਾ ਲਾਇਆ। ਬਾਗੋਰ ਦੇ ਐੱਸਐੱਚਓ ਨੇ ਦੱਸਿਆ ਕਿ ਸਥਾਨਕ ਇਲਾਕੇ ਤੋਂ ਮਿਲੀਆਂ ਖ਼ਬਰਾਂ ਦੇ ਆਧਾਰ 'ਤੇ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਔਰਤ ਦੇ ਸਹੁਰੇ ਪਰਿਵਾਰ ਵਿਰੁੱਧ ਮਾਮਲਾ ਦਰਜ ਕੀਤਾ।
ਕੁੜੀ ਕੁਆਰੀ ਹੈ ਜਾਂ ਨਹੀਂ, ਇਹ ਜਾਣਨ ਲਈ ਸਾਂਸੀ ਸਮਾਜ ਵਿੱਚ ‘ਕੁਕੜੀ ਪ੍ਰਥਾ’ ਇੱਕ ਸਮਾਜਿਕ ਬੁਰਾਈ ਵਜੋਂ ਮੌਜੂਦ ਹੈ। ਪੀੜਤਾ ਦੇ ਮਾਮਲੇ 'ਚ ਇਹ 11 ਮਈ ਨੂੰ ਬਾਗੋਰ ਥਾਣਾ ਖੇਤਰ ਦੇ ਬਾਗੋਰ ਪਿੰਡ 'ਚ ਕੀਤੀ ਗਈ। ਪੁਲਿਸ ਮੁਤਾਬਕ ਜਾਂਚ ਤੋਂ ਬਾਅਦ ਔਰਤ ਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਵਿਆਹ ਤੋਂ ਕੁਝ ਸਮਾਂ ਪਹਿਲਾਂ ਉਸ ਦੇ ਗੁਆਂਢੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਅਤੇ ਸੁਭਾਸ਼ ਨਗਰ ਪੁਲਿਸ ਸਟੇਸ਼ਨ 'ਚ 18 ਮਈ ਨੂੰ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਐਫ਼ਆਈਆਰ ਅਨੁਸਾਰ, ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਇੱਕ ਸਥਾਨਕ ਮੰਦਰ ਵਿੱਚ ਖਾਪ ਪੰਚਾਇਤ ਬੁਲਾਉਣ ਤੋਂ ਪਹਿਲਾਂ ਉਸਦੇ ਪਤੀ ਅਤੇ ਸਹੁਰੇ ਵਾਲਿਆਂ ਨੇ ਉਸ ਦੀ ਕੁੱਟਮਾਰ ਵੀ ਕੀਤੀ। ਇੱਕ ਕਥਿਤ ਵੀਡੀਓ ਦੇ ਮੁਤਾਬਿਕ, ਪੀੜਤਾ ਨੇ ਕਿਹਾ, "ਮੈਂ ਰਸਮ (ਕੁਕੜੀ ਪ੍ਰਥਾ ਦੇ ਅਭਿਆਸ) ਵਿੱਚ ਫ਼ੇਲ੍ਹ ਹੋਈ। ਇਹ ਰਸਮ ਦੁਪਹਿਰ ਵੇਲੇ ਅਦਾ ਕੀਤੀ ਗਈ, ਜਿਸ ਤੋਂ ਬਾਅਦ ਦੇਰ ਰਾਤ ਤੱਕ ਇਸ ਉੱਤੇ ਚਰਚਾ ਹੁੰਦੀ ਰਹੀ। ਡਰ ਦੇ ਮਾਰੇ ਮੈਂ ਕੁਝ ਨਹੀਂ ਬੋਲੀ। ਫ਼ਿਰ ਮੇਰੇ ਪਤੀ ਅਤੇ ਸਹੁਰੇ ਨੇ ਮੈਨੂੰ ਕੁੱਟਿਆ। ਮੈਂ ਉਹਨਾਂ ਨੂੰ ਦੱਸਿਆ ਕਿ ਇਹ ਘਟਨਾ (ਬਲਾਤਕਾਰ) ਮੇਰੇ ਨਾਲ ਪਹਿਲਾਂ ਵਾਪਰ ਚੁੱਕੀ ਹੈ।"
ਮਾਂਡਲ ਦੇ ਡੀਸੀਪੀ ਨੇ ਕਿਹਾ, “ਇਹ ਇੱਕ ਸਮਾਜਿਕ ਬੁਰਾਈ ਹੈ ਜਿਸ ਨੂੰ ਰਾਜਸਥਾਨ ਵਿੱਚ ਕੁਕੜੀ ਪ੍ਰਥਾ ਵਜੋਂ ਜਾਣਿਆ ਜਾਂਦਾ ਹੈ। ਇਸ ਨਾਲ ਜੁੜਿਆ ਇੱਕ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਤੱਥਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਮਾਮਲਾ ਦਰਜ ਕੀਤਾ ਗਿਆ।"
ਪੁਲਿਸ ਦੀ ਤੱਥ ਆਧਾਰਿਤ ਰਿਪੋਰਟ ਵਿਚ ਪਤਾ ਲੱਗਿਆ ਹੈ ਕਿ ਖਾਪ ਪੰਚਾਇਤ ਬੁਲਾਉਣ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਹਰਜਾਨਾ ਭਰਨ ਲਈ ਕਿਹਾ ਗਿਆ ਸੀ। ਪੁਲਿਸ ਵੱਲੋਂ ਭਾਰਤੀ ਦੰਡਾਵਲੀ ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀਆਂ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ।