ਦਿੱਲੀ ਦੀ ਅਦਾਲਤ ਨੇ ਕੇਜਰੀਵਾਲ ਦੀ ਪਤਨੀ ਨੂੰ ਤਲਬ ਕੀਤਾ
ਦੋ ਵਿਧਾਨ ਸਭਾ ਸੀਟਾਂ ਦੀ ਵੋਟਰ ਸੂਚੀ ’ਚ ਨਾਂ ਹੋਣ ਦਾ ਮਾਮਲਾ
ਨਵੀਂ ਦਿੱਲੀ: ਦਿੱਲੀ ਦੀ ਇਕ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਦੋ ਵਿਧਾਨ ਸਭਾ ਹਲਕਿਆਂ ਦੀ ਵੋਟਰ ਸੂਚੀ ’ਚ ਨਾਂ ਦਰਜ ਕਰਵਾ ਕੇ ਕਥਿਤ ਤੌਰ ’ਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਤਲਬ ਕੀਤਾ ਹੈ।
ਮੈਟਰੋਪੋਲੀਟਨ ਮੈਜਿਸਟਰੇਟ ਅਰਜਿੰਦਰ ਕੌਰ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਹਰੀਸ਼ ਖੁਰਾਣਾ ਦੀ ਅਰਜ਼ੀ ’ਤੇ ਸੁਨੀਤਾ ਕੇਜਰੀਵਾਲ ਨੂੰ 18 ਨਵੰਬਰ ਨੂੰ ਮੁਲਜ਼ਮ ਵਜੋਂ ਤਲਬ ਕੀਤਾ ਹੈ।
ਭਾਜਪਾ ਆਗੂ ਨੇ ਅਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਦੀ ਪਤਨੀ ਨੇ ਲੋਕ ਪ੍ਰਤੀਨਿਧਤਾ ਕਾਨੂੰਨ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਹੈ।
29 ਅਗੱਸਤ ਨੂੰ ਦਿੱਤੇ ਇਕ ਹੁਕਮ ’ਚ ਜੱਜ ਨੇ ਕਿਹਾ, ‘‘ਸ਼ਿਕਾਇਤਕਰਤਾ ਅਤੇ ਹੋਰ ਗਵਾਹਾਂ ਦੇ ਸਬੂਤਾਂ ਨੂੰ ਵਿਚਾਰਨ ਤੋਂ ਬਾਅਦ, ਇਸ ਅਦਾਲਤ ਦਾ ਵਿਚਾਰ ਹੈ ਕਿ ਦੋਸ਼ੀ ਸੁਨੀਤਾ ਕੇਜਰੀਵਾਲ ਵਿਰੁਧ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 31 ਦੇ ਤਹਿਤ ਅਪਰਾਧ ਲਈ ਪਹਿਲੀ ਨਜ਼ਰੇ ਕੇਸ ਬਣਦਾ ਹੈ। ਇਸ ਲਈ ਮੁਲਜ਼ਮਾਂ ਨੂੰ ਉਸੇ ਹਿਸਾਬ ਨਾਲ ਤਲਬ ਕੀਤਾ ਜਾਵੇ।’’
ਇਸ ਅਪਰਾਧ ਲਈ ਵੱਧ ਤੋਂ ਵੱਧ ਦੋ ਸਾਲ ਦੀ ਸਜ਼ਾ ਮਿਲ ਸਕਦੀ ਹੈ।
ਖੁਰਾਣਾ ਨੇ ਦਾਅਵਾ ਕੀਤਾ ਕਿ ਸੁਨੀਤਾ ਕੇਜਰੀਵਾਲ ਉੱਤਰ ਪ੍ਰਦੇਸ਼ ਦੇ ਸਾਹਿਬਾਬਾਦ ਵਿਧਾਨ ਸਭਾ ਹਲਕੇ (ਸੰਸਦੀ ਹਲਕਾ ਗਾਜ਼ੀਆਬਾਦ) ਅਤੇ ਦਿੱਲੀ ਦੇ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਦੀਆਂ ਵੋਟਰ ਸੂਚੀਆਂ ’ਚ ਵੋਟਰ ਵਜੋਂ ਦਰਜ ਹੈ, ਜੋ ਕਿ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 17 ਦੀ ਉਲੰਘਣਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਉਸ ਦਾ ਜੁਰਮ ਐਕਟ ਦੀ ਧਾਰਾ 31 ਤਹਿਤ ਸਜ਼ਾਯੋਗ ਹੈ, ਜੋ ਝੂਠੇ ਐਲਾਨਾਂ ਨਾਲ ਸਬੰਧਤ ਹੈ।