ਭਾਜਪਾ ਦੀ ਤਾਲਿਬਾਨੀ ਸੋਚ ਦੀ ਪ੍ਰਤੱਖ ਮਿਸਾਲ ਹੈ ਹਾਥਰਸ ਕਾਂਡ-ਹਰਪਾਲ ਸਿੰਘ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

-ਸੁਪਰੀਮ ਕੋਰਟ ਦਾ ਮੌਜੂਦਾ ਜੱਜ ਕਰੇ ਹਾਥਰਸ ਕਾਂਡ 'ਤੇ ਸੀਬੀਆਈ ਜਾਂਚ ਦੀ ਨਿਗਰਾਨੀ

harpal singh cheema

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਦਲਿਤਾਂ ਅਤੇ ਗਰੀਬਾਂ ਬਾਰੇ ਕਿੰਨੀ ਨਫਰਤ ਭਰੀ ਹੋਈ ਹੈ, ਹਾਥਰਸ ਦਾ ਘਿਣੌਉਣਾ ਕਾਂਡ ਅਤੇ ਯੋਗੀ ਸਰਕਾਰ ਦੀ ਤਾਲਿਬਾਨੀ ਪਹੁੰਚ ਇਸ ਦੀ ਪ੍ਰਤੱਖ ਮਿਸਲਾ ਹੈ। ਇਸ ਕਰਕੇ ਮਾਨਯੋਗ ਸੁਪਰੀਮ ਕੋਰਟ ਨੂੰ ਸੀਬੀਆਈ ਜਾਂਚ ਦੀ ਨਿਗਰਾਨੀ ਖੁਦ ਕਰਨੀ ਚਾਹੀਦੀ ਹੈ, ਤਾਂ ਕਿ ਮਰਹੂਮ ਬੱਚੀ ਅਤੇ ਪੀੜ੍ਹਤ ਪਰਿਵਾਰ ਨੂੰ ਇਨਸਾਫ ਮਿਲ ਸਕੇ।

ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਵਫਦ ਨਾਲ ਹਾਥਰਸ ਕਾਂਡ ਦੇ ਪੀੜ੍ਹਤ ਪਰਿਵਾਰ ਨੂੰ ਮਿਲਣ ਉਪਰੰਤ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਵਫਦ 'ਚ ਪਾਰਟੀ ਦੇ ਕੌਮੀ ਆਗੂ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ, ਦਿੱਲੀ ਵਿਧਾਨ ਸਭਾ ਦੀ ਡਿਪਟੀ ਸਪੀਕਰ ਰਾਖੀ ਬਿੜਲਾ, ਦਿੱਲੀ ਦੇ ਕੈਬਨਿਟ ਮੰਤਰੀ ਰਾਜਿੰਦਰ ਪਾਲ ਗੌਤਮ, ਵਿਧਾਇਕਾ ਰੁਪਿੰਦਰ ਕੌਰ ਰੂਬੀ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ ਅਤੇ ਦਲਿਤ ਨੇਤਾ ਅਮਰੀਕ ਸਿੰਘ ਬੰਗੜ ਪ੍ਰਮੁੱਖ ਹਨ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਦਲਿਤ ਪਰਿਵਾਰ ਦੀ ਮਰਹੂਮ ਬੱਚੀ ਦੀ ਮਾਤਾ, ਪਿਤਾ, ਭਰਾ ਭਾਬੀ ਅਤੇ ਦਾਦੀ ਨੂੰ ਮਿਲੇ ਅਤੇ ਪਰਿਵਾਰ ਵੱਲੋਂ ਜੋ ਦਰਦ ਭਰੀ ਘਟਨਾ ਅਤੇ ਯੋਗੀ ਸਰਕਾਰ ਦਾ ਰਵੱਈਆ ਦੱਸਿਆ ਗਿਆ, ਉਹ ਰੌਂਗਟੇ ਖੜੇ ਕਰਨ ਵਾਲਾ ਹੈ। ਹਰਪਾਲ ਸਿੰਘ ਚੀਮਾ ਅਨੁਸਾਰ, ''ਸਾਨੂੰ ਮਰਹੂਮ ਬੱਚੀ ਦੀ ਮਾਂ ਨੇ ਕੀਰਨੇ ਪਾਉਂਦੇ ਹੋਏ ਦੱਸਿਆ ਕਿ ਯੂਪੀ ਪ੍ਰਸ਼ਾਸਨ ਨੇ ਬੱਚੀ ਦਾ ਅੱਧੀ ਰਾਤੀ ਸੰਸਕਾਰ ਕਰਨ ਮੌਕੇ ਮ੍ਰਿਤਕ ਬੱਚੀ ਦਾ ਆਖਰੀ ਵਾਰ ਮੂੰਹ ਤੱਕ ਨਹੀਂ ਦੇਖਣ ਦਿੱਤਾ। ਇਸ ਤਾਲਿਬਾਨੀ ਸੋਚ ਰੱਖਣ ਵਾਲੀ ਸਰਕਾਰ ਦੀ ਗੁੰਡਾਗਰਦੀ ਦਾ ਸਿਖ਼ਰ ਹੈ।''

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਯੋਗੀ ਸਰਕਾਰ ਦੋਸ਼ੀਆਂ ਦੇ ਸ਼ਰੇਆਮ ਪੱਖ 'ਚ ਖੜੀ ਹੈ ਅਤੇ ਯੋਗੀ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੀ ਭਾਜਪਾ ਹਮਾਇਤ ਦੇ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ, ''ਬੇਟੀ ਬਚਾਓ, ਬੇਟੀ ਪੜਾਓ ਦਾ ਨਾਅਰਾ ਦੇਣ ਵਾਲੀ ਭਾਜਪਾ ਨੂੰ ਹੁਣ ਬੇਟੀਆਂ ਅਤੇ ਦਲਿਤਾਂ-ਗਰੀਬਾਂ ਬਾਰੇ ਗੱਲ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਰਹਿ ਗਿਆ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹਾਥਰਸ ਦੀ ਇਸ ਘਟਨਾ ਨੇ ਇਕ ਵਾਰ ਫਿਰ ਭਾਜਪਾ ਦੇ 'ਰਾਮ ਰਾਜ' ਦਾ ਪਰਦਾਫਾਸ਼ ਕਰ ਦਿੱਤਾ ਹੈ।