ਪ੍ਰਿਯੰਕਾ ਗਾਂਧੀ ਸਮੇਤ ਕਈ ਕਾਂਗਰਸੀ ਨੇਤਾਵਾਂ ਖਿਲਾਫ਼ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

4 ਅਕਤੂਬਰ ਦੀ ਸਵੇਰ ਨੂੰ ਕਰੀਬ 5 ਵਜੇ ਸੀਤਾਪੁਰ ’ਚ ਹਿਰਾਸਤ ਵਿਚ ਲਈ ਗਈ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਹੁਣ ਵੀ ਪੁਲਿਸ ਹਿਰਾਸਤ ਵਿਚ ਹੈ।

Priyanka Gandhi

 

ਸੀਤਾਪੁਰ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਦੀਪੇਂਦਰ ਹੁੱਡਾ, ਕੁਲਦੀਪ ਵਤਸ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਸਮੇਤ 10 ਨੇਤਾਵਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਇਸ ਦੀ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਉਪ ਜ਼ਿਲ੍ਹਾ ਅਧਿਕਾਰੀ (ਐੱਸ. ਡੀ. ਐੱਮ.) ਸੀਤਾਪੁਰ ਪਿਆਰੇ ਲਾਲ ਮੌਰਈਆ ਨੇ ਦੱਸਿਆ ਕਿ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਸਮੇਤ 10 ਨੇਤਾਵਾਂ ਖ਼ਿਲਾਫ਼ ਸੀ. ਆਰ. ਪੀ. ਸੀ. ਦੀ ਧਾਰਾ-151, 107 ਅਤੇ 116 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Priyanka Gandhi Vadra

ਐੱਸ. ਡੀ. ਐੱਮ. ਨੇ ਕਿਹਾ ਕਿ ਇਹ ਰੋਕਥਾਮ ਧਾਰਾਵਾਂ ਹਨ, ਇਕ ਵਾਰ ਸਾਨੂੰ ਭਰੋਸਾ ਮਿਲਦਾ ਹੈ ਕਿ ਉਨ੍ਹਾਂ ਵਲੋਂ ਸ਼ਾਂਤੀ ਭੰਗ ਨਹੀਂ ਹੋਵੇਗੀ, ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਕਾਂਡ ਦੇ ਪੀੜਤਾਂ ਨੂੰ ਮਿਲਣ ਜਾਂਦੇ ਸਮੇਂ ਰਾਹ ’ਚ 4 ਅਕਤੂਬਰ ਦੀ ਸਵੇਰ ਨੂੰ ਕਰੀਬ 5 ਵਜੇ ਸੀਤਾਪੁਰ ’ਚ ਹਿਰਾਸਤ ਵਿਚ ਲਈ ਗਈ ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਹੁਣ ਵੀ ਪੁਲਿਸ ਹਿਰਾਸਤ ਵਿਚ ਹੈ।