ਹਸਪਤਾਲ 'ਚ ਲੱਗੀ ਭਿਆਨਕ ਅੱਗ, ਡਾਕਟਰ ਅਤੇ ਉਸ ਦੀ ਧੀ-ਪੁੱਤਰ ਦੀ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਸਪਤਾਲ 'ਚ ਇਲਾਜ ਲਈ ਦਾਖਲ ਹੋਏ ਮਰੀਜ਼ਾਂ ਨੂੰ ਬਾਹਰ ਕੱਢ ਕੇ ਦੂਜੇ ਹਸਪਤਾਲ 'ਚ ਭੇਜ ਦਿੱਤਾ ਗਿਆ

terrible fire in hospital

 

 ਉੱਤਰ ਪ੍ਰਦੇਸ਼- ਆਗਰਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਸਥਿਤ ਇਕ ਹਸਪਤਾਲ 'ਚ ਤੜਕਸਾਰ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਹਸਪਤਾਲ ਦੇ ਸੰਚਾਲਕ ਡਾਕਟਰ ਰਾਜਨ, ਉਨ੍ਹਾਂ ਦੀ ਧੀ ਅਤੇ 14 ਸਾਲਾ ਪੁੱਤਰ ਰਿਸ਼ੀ ਦੀ ਦਰਦਨਾਕ ਮੌਤ ਹੋ ਗਈ। 

ਪੁਲਿਸ ਅਨੁਸਾਰ ਹਾਦਸੇ 'ਚ ਜ਼ਖ਼ਮੀ ਹੋਏ ਉਨ੍ਹਾਂ ਦੀ ਪਤਨੀ ਅਤੇ ਦੂਜੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਸਪਤਾਲ 'ਚ ਇਲਾਜ ਲਈ ਦਾਖਲ ਹੋਏ ਮਰੀਜ਼ਾਂ ਨੂੰ ਬਾਹਰ ਕੱਢ ਕੇ ਦੂਜੇ ਹਸਪਤਾਲ 'ਚ ਭੇਜ ਦਿੱਤਾ ਗਿਆ। 

ਹਸਪਤਾਲ 'ਚ ਦਾਖ਼ਲ ਤਿੰਨ ਮਰੀਜ਼, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸਟਾਫ਼ ਅੰਦਰ ਹੀ ਫਸ ਗਏ। ਪੂਰਾ ਹਸਪਤਾਲ ਧੂੰਏਂ ਨਾਲ ਭਰ ਗਿਆ। ਸਥਾਨਕ ਲੋਕਾਂ ਨੇ ਕਿਸੇ ਤਰ੍ਹਾਂ ਅੱਗ 'ਤੇ ਕਾਬੂ ਪਾਇਆ। ਕਰੀਬ ਇਕ ਘੰਟੇ ਬਾਅਦ ਫਾਇਰ ਫਾਈਟਰਜ਼ ਨੇ ਤਿੰਨ ਮਰੀਜ਼ਾਂ ਸਮੇਤ ਚਾਰ ਲੋਕਾਂ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਆਰ ਮਧੂਰਾਜ ਹਸਪਤਾਲ ਦੀ ਦੂਜੀ ਮੰਜ਼ਿਲ 'ਤੇ ਇਕ ਕਮਰੇ 'ਚ ਰੱਖੇ ਫੋਮ ਦੇ ਗੱਦਿਆਂ 'ਚ ਅੱਗ ਲੱਗ ਗਈ। ਇਸ ਮੰਜ਼ਿਲ 'ਤੇ ਡਾਕਟਰ ਰਾਜਨ, ਉਸ ਦੇ ਪਿਤਾ ਗੋਪੀਚੰਦ, ਪਤਨੀ ਮਧੁਰਾਜ, ਬੇਟੀ ਸ਼ਾਲੂ, ਪੁੱਤਰ ਲਵੀ ਅਤੇ ਰਿਸ਼ੀ ਦੇ ਨਾਲ-ਨਾਲ ਰਿਸ਼ਤੇਦਾਰ ਤੇਜਵੀਰ ਸੀ। ਜਦੋਂ ਗੋਪੀਚੰਦ ਅਤੇ ਲਵੀ ਸਵੇਰੇ 5 ਵਜੇ ਉੱਠੇ ਤਾਂ ਉਨ੍ਹਾਂ ਨੇ ਗੱਦਿਆਂ ਵਾਲੇ ਕਮਰੇ 'ਚ ਅੱਗ ਲੱਗੀ ਦੇਖੀ। ਉਨ੍ਹਾਂ ਨੇ ਗੱਦੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਉਦੋਂ ਤੱਕ ਅੱਗ ਦਾ ਧੂੰਆਂ ਅੰਦਰ ਤੱਕ ਪਹੁੰਚ ਚੁੱਕਾ ਸੀ।

ਇਸ ਦੌਰਾਨ ਡਾਕਟਰ ਰਾਜਨ ਨੇ ਸੁਰੱਖਿਆ ਲਈ ਅੰਦਰਲਾ ਦਰਵਾਜ਼ਾ ਬੰਦ ਕਰ ਦਿੱਤਾ। ਇਸ ਕਾਰਨ ਉਹ ਪਰਿਵਾਰ ਸਮੇਤ ਅੰਦਰ ਹੀ ਫਸ ਗਿਆ। ਹੇਠਾਂ ਹਸਪਤਾਲ ਤੱਕ ਵੀ ਧੂੰਆਂ ਪਹੁੰਚ ਗਿਆ। ਫਾਇਰ ਬ੍ਰਿਗੇਡ ਨੂੰ ਦੇਰ ਨਾਲ ਬੁਲਾਇਆ ਗਿਆ। ਇਸ ਲਈ ਇਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਤੋਂ ਬਾਅਦ ਦੂਜੀ ਮੰਜ਼ਿਲ 'ਤੇ ਫਸੇ ਡਾਕਟਰ ਦੇ ਪਰਿਵਾਰ ਵਾਲਿਆਂ ਨੂੰ ਬਾਹਰ ਕੱਢਿਆ ਗਿਆ। 

ਡਾਕਟਰ ਰਾਜਨ, ਬੇਟੀ ਸ਼ਾਲੂ, ਪੁੱਤਰ ਰਿਸ਼ੀ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ।