ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ ਮਾਰੇ ਗਏ 31 ਨਕਸਲੀਆਂ ’ਚੋਂ 16 ਦੀ ਪਛਾਣ ਹੋਈ
ਇਨ੍ਹਾਂ 16 ਨਕਸਲੀਆਂ ਦੇ ਸਿਰ ’ਤੇ 1.30 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਸੀ
ਦੰਤੇਵਾੜਾ : ਛੱਤੀਸਗੜ੍ਹ ਦੇ ਬਸਤਰ ਇਲਾਕੇ ’ਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ 31 ਨਕਸਲੀਆਂ ’ਚੋਂ 16 ਦੀ ਪਛਾਣ ਸੀਨੀਅਰ ਨਕਸਲੀਆਂ ਦੇ ਰੂਪ ’ਚ ਹੋਈ ਹੈ, ਜਿਨ੍ਹਾਂ ’ਤੇ ਕੁਲ 1.30 ਕਰੋੜ ਰੁਪਏ ਦਾ ਇਨਾਮ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।
ਅਧਿਕਾਰੀ ਨੇ ਦਸਿਆ ਕਿ ਮਾਰੇ ਗਏ ਨਕਸਲੀਆਂ ’ਚ ਸੱਭ ਤੋਂ ਮਜ਼ਬੂਤ ਨਕਸਲੀ ਸੰਗਠਨ ਦੰਡਕਰਣਿਆ ਸਪੈਸ਼ਲ ਜ਼ੋਨਲ ਕਮੇਟੀ (ਡੀ.ਕੇ.ਐੱਸ.ਜੇਡ.ਸੀ.) ਦੀ ਮਹਿਲਾ ਮੈਂਬਰ ਨੀਤੀ ਉਰਫ ਉਰਮਿਲਾ ਦੇ ਸਿਰ ’ਤੇ 25 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਾਲ ਰਾਜ ’ਚ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ’ਚ ਮਾਰੀ ਗਈ ਡੀ.ਕੇ.ਐਸ.ਜੇਡ.ਸੀ. ਦੀ ਚੌਥੀ ਮੈਂਬਰ ਹੈ।
ਪੁਲਿਸ ਇੰਸਪੈਕਟਰ ਜਨਰਲ (ਬਸਤਰ ਖੇਤਰ) ਸੁੰਦਰਰਾਜ ਪੀ. ਨੇ ਇਕ ਪ੍ਰੈਸ ਕਾਨਫਰੰਸ ’ਚ ਦਸਿਆ ਕਿ ਨਰਾਇਣਪੁਰ-ਦੰਤੇਵਾੜਾ ਜ਼ਿਲ੍ਹੇ ਦੀ ਸਰਹੱਦ ’ਤੇ ਥੁਲਥੁਲੀ ਅਤੇ ਨੇਂਦੂਰ ਪਿੰਡਾਂ ਦੇ ਵਿਚਕਾਰ ਅਬੂਝਮਾਡ ਇਲਾਕੇ ’ਚ ਨਕਸਲ ਵਿਰੋਧੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 13 ਔਰਤਾਂ ਸਮੇਤ 31 ਨਕਸਲੀ ਮਾਰੇ ਗਏ। ਸੁੰਦਰਰਾਜ ਨੇ ਦਸਿਆ ਕਿ ਮਾਰੇ ਗਏ 16 ਨਕਸਲੀਆਂ ਦੀ ਪਛਾਣ ਕਰ ਲਈ ਗਈ ਹੈ ਜਦਕਿ ਬਾਕੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।
ਉਨ੍ਹਾਂ ਨੇ ਦਸਿਆ ਕਿ ਨਕਸਲੀਆਂ ਦੇ ਡੀ.ਕੇ.ਐਸ.ਜੇਡ.ਸੀ. ਦੀ ਮੈਂਬਰ ਨੀਤੀ ਨਕਸਲੀਆਂ ਦੇ ਪੂਰਬੀ ਬਸਤਰ ਡਿਵੀਜ਼ਨ ਦੀ ਅਗਵਾਈ ਕਰ ਰਹੀ ਸੀ, ਜੋ ਪੰਜ ਜ਼ਿਲ੍ਹਿਆਂ ਨਰਾਇਣਪੁਰ, ਦੰਤੇਵਾੜਾ, ਬਸਤਰ, ਬੀਜਾਪੁਰ ਅਤੇ ਕੋਂਡਾਗਾਓਂ ਦੇ ਜੰਕਸ਼ਨ ’ਤੇ ਸਰਗਰਮ ਸੀ। ਡੀ.ਕੇ.ਐਸ.ਜੇਡ.ਸੀ. ਛੱਤੀਸਗੜ੍ਹ ਦੇ ਬਸਤਰ ਖੇਤਰ ਅਤੇ ਗੁਆਂਢੀ ਆਂਧਰਾ ਪ੍ਰਦੇਸ਼, ਉੜੀਸਾ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਕੁੱਝ ਹਿੱਸਿਆਂ ’ਚ ਕੰਮ ਕਰਦੀ ਹੈ।
ਪੁਲਿਸ ਅਧਿਕਾਰੀ ਨੇ ਦਸਿਆ ਕਿ ਮ੍ਰਿਤਕਾਂ ’ਚ ਦੋ ਹੋਰ ਪ੍ਰਮੁੱਖ ਨਕਸਲੀ ਸੁਰੇਸ਼ ਸਲਾਮ ਅਤੇ ਮੀਨਾ ਮਡਕਮ ਡਿਵੀਜ਼ਨਲ ਕਮੇਟੀ ਦੇ ਮੈਂਬਰ ਸਨ, ਜਿਨ੍ਹਾਂ ਦੇ ਸਿਰ ’ਤੇ 8 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਨੇ ਦਸਿਆ ਕਿ ਅੱਠ ਵਿਅਕਤੀਆਂ ਦੀ ਪਛਾਣ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (ਪੀ.ਐਲ.ਜੀ.ਏ.) ਕੰਪਨੀ ਨੰਬਰ 6 ਦੇ ਮੈਂਬਰ ਅਤੇ ਨਕਸਲੀ ਖੇਤਰ ਕਮੇਟੀ ਦੇ ਪੰਜ ਮੈਂਬਰਾਂ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ 16 ਨਕਸਲੀਆਂ ਦੇ ਸਿਰ ’ਤੇ 1.30 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਬਾਕੀ 15 ਮੈਂਬਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁੰਦਰਰਾਜ ਨੇ ਦਸਿਆ ਕਿ ਮੁਕਾਬਲੇ ਵਾਲੀ ਥਾਂ ਤੋਂ ਇਕ ਐਲ.ਐਮ.ਜੀ. ਰਾਈਫਲ, ਚਾਰ ਏ.ਕੇ.-47 ਰਾਈਫਲਾਂ, ਛੇ ਐਸ.ਐਲ.ਆਰ. (ਸਵੈ-ਲੋਡਿੰਗ ਰਾਈਫਲਾਂ), ਤਿੰਨ ਇੰਸਾਸ ਰਾਈਫਲਾਂ, ਇਕ .303 ਬੋਰ ਰਾਈਫਲ, ਕਈ ਹੋਰ ਕੈਲੀਬਰ ਰਾਈਫਲਾਂ, ਸਥਾਨਕ ਤੌਰ ’ਤੇ ਬਣੇ ਹਥਿਆਰ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਨਕਸਲੀਆਂ ਨਾਲ ਸਬੰਧਤ ਹੋਰ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਕਸਲੀਆਂ ਅਤੇ ਉਨ੍ਹਾਂ ਦੇ ਪੂਰਬੀ ਬਸਤਰ ਡਿਵੀਜ਼ਨ ਅਤੇ ਪੀ.ਐਲ.ਜੀ.ਏ. ਕੰਪਨੀ ਲਈ ਇਕ ਵੱਡਾ ਝਟਕਾ ਸੀ। ਆਈ.ਜੀ.ਪੀ. ਨੇ ਕਿਹਾ ਕਿ ਚੁਨੌਤੀ ਪੂਰਨ ਭੂਗੋਲਿਕ ਸਥਿਤੀਆਂ ਅਤੇ ਮਾਨਸੂਨ ਨਾਲ ਜੁੜੀਆਂ ਚੁਨੌਤੀਆਂ ਦੇ ਬਾਵਜੂਦ ਸੁਰੱਖਿਆ ਬਲਾਂ ਨੇ ਸਫਲਤਾਪੂਰਵਕ ਮੁਹਿੰਮ ਚਲਾਈ।
ਅਧਿਕਾਰੀਆਂ ਨੇ ਦਸਿਆ ਕਿ ਮੁਕਾਬਲੇ ਦੌਰਾਨ ਨਕਸਲੀਆਂ ਵਲੋਂ ਚਲਾਏ ਗਏ ਅੰਡਰ ਬੈਰਲ ਗ੍ਰੇਨੇਡ ਲਾਂਚਰ (ਬੀ.ਜੀ.ਐਲ.) ਵਲੋਂ ਦਾਗੇ ਗਏ ਗੋਲੇ ’ਚ ਧਮਾਕਾ ਹੋਣ ਨਾਲ ਰਾਜ ਪੁਲਿਸ ਦਾ ਜ਼ਿਲ੍ਹਾ ਰਿਜ਼ਰਵ ਗਾਰਡ (ਡੀ.ਆਰ.ਜੀ.) ਦਾ ਇਕ ਜਵਾਨ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦਸਿਆ ਕਿ ਉਸ ਦਾ ਰਾਏਪੁਰ ’ਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਛੱਤੀਸਗੜ੍ਹ ਰਾਜ ਦੇ ਗਠਨ ਦੇ 24 ਸਾਲ ਬਾਅਦ ਸੁਰੱਖਿਆ ਬਲਾਂ ਦਾ ਇਹ ਹੁਣ ਤਕ ਦਾ ਸੱਭ ਤੋਂ ਵੱਡਾ ਆਪਰੇਸ਼ਨ ਹੈ, ਉਸ ਸਮੇਂ ਇਕ ਮੁਕਾਬਲੇ ’ਚ 31 ਨਕਸਲੀ ਮਾਰੇ ਗਏ ਹਨ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਕਾਂਕੇਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਕੁੱਝ ਚੋਟੀ ਦੇ ਨਕਸਲੀਆਂ ਸਮੇਤ 29 ਨਕਸਲੀ ਮਾਰੇ ਗਏ ਸਨ। ਅਧਿਕਾਰੀ ਨੇ ਦਸਿਆ ਕਿ ਬਿਹਤਰ ਤਾਲਮੇਲ ਅਤੇ ਰਣਨੀਤੀ ਨਾਲ ਸੁਰੱਖਿਆ ਬਲਾਂ ਨੇ ਪਿਛਲੇ 9 ਮਹੀਨਿਆਂ ’ਚ ਨਕਸਲੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ।
ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਤਕ ਬਸਤਰ ਡਿਵੀਜ਼ਨ ’ਚ ਵੱਖ-ਵੱਖ ਮੁਕਾਬਲਿਆਂ ’ਚ 188 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬਸਤਰ ਡਿਵੀਜ਼ਨ ’ਚ ਸੱਤ ਜ਼ਿਲ੍ਹੇ - ਕਾਂਕੇਰ, ਕੋਂਡਾਗਾਓਂ, ਨਰਾਇਣਪੁਰ, ਬਸਤਰ, ਬੀਜਾਪੁਰ, ਦੰਤੇਵਾੜਾ ਅਤੇ ਸੁਕਮਾ ਸ਼ਾਮਲ ਹਨ। ਇਸੇ ਸਮੇਂ ਦੌਰਾਨ ਡਿਵੀਜ਼ਨ ’ਚ 706 ਨਕਸਲੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 733 ਨੇ ਪੁਲਿਸ ਅੱਗੇ ਆਤਮ ਸਮਰਪਣ ਕੀਤਾ ਹੈ।
ਦੰਤੇਵਾੜਾ ਦੇ ਪੁਲਿਸ ਸੁਪਰਡੈਂਟ ਗੌਰਵ ਰਾਏ ਨੇ ਕਿਹਾ ਕਿ ਪੁਲਿਸ ਦਾ ਮੁੱਖ ਉਦੇਸ਼ ਪੂਰਬੀ ਬਸਤਰ ਡਿਵੀਜ਼ਨ ਦੇ ਪੰਜ ਜ਼ਿਲ੍ਹਿਆਂ ਦੇ ਮੁਸ਼ਕਲ ਭੂਗੋਲਿਕ ਹਾਲਾਤਾਂ ਅਤੇ ਮੁਸ਼ਕਲ ਜੰਗਲਾਂ ’ਚ ਰਹਿਣ ਵਾਲੇ ਲੋਕਾਂ ਦੀ ਰੱਖਿਆ ਕਰਨਾ ਅਤੇ ਉਨ੍ਹਾਂ ਨੂੰ ਨਕਸਲੀਆਂ ਦੇ ਚੁੰਗਲ ਤੋਂ ਮੁਕਤ ਕਰਨਾ ਹੈ, ਤਾਂ ਜੋ ਖੇਤਰ ’ਚ ਵਿਕਾਸ ਅਤੇ ਸ਼ਾਂਤੀ ਕਾਇਮ ਰਹਿ ਸਕੇ। ਉਨ੍ਹਾਂ ਨੇ ਨਕਸਲੀਆਂ ਨੂੰ ਹਿੰਸਾ ਛੱਡ ਕੇ ਸਮਾਜ ਦੀ ਮੁੱਖ ਧਾਰਾ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।