ਰਾਜਸਥਾਨ ਦੇ ਉਪ ਮੁੱਖ ਮੰਤਰੀ ਬੈਰਵਾ ਦੇ ਬੇਟੇ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 7,000 ਰੁਪਏ ਦਾ ਜੁਰਮਾਨਾ
ਪਿਛਲੇ ਹਫਤੇ ਬੈਰਵਾ ਅਤੇ ਸਥਾਨਕ ਕਾਂਗਰਸੀ ਨੇਤਾ ਭਾਰਦਵਾਜ ਦੇ ਪੁੱਤਰਾਂ ਦੀ ਇਕ ਰੀਲ ਵਾਇਰਲ ਹੋਈ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ
ਜੈਪੁਰ : ਰਾਜਸਥਾਨ ਦੇ ਟਰਾਂਸਪੋਰਟ ਵਿਭਾਗ ਨੇ ਉਪ ਮੁੱਖ ਮੰਤਰੀ ਪ੍ਰੇਮ ਚੰਦ ਬੈਰਵਾ ਦੇ ਬੇਟੇ ਨੂੰ ਵੱਖ-ਵੱਖ ਉਲੰਘਣਾਵਾਂ ਲਈ 7,000 ਰੁਪਏ ਜੁਰਮਾਨੇ ਲਈ ਚਲਾਨ ਜਾਰੀ ਕੀਤਾ ਹੈ। ਇਹ ਚਲਾਨ ਬੈਰਵਾ ਦੇ ਬੇਟੇ ਵਲੋਂ ‘ਮੋਡੀਫ਼ਾਈਡ ਗੱਡੀ’ ਚਲਾਉਣ ਦਾ ਵੀਡੀਉ ਸਾਹਮਣੇ ਆਉਣ ਤੋਂ ਕੁੱਝ ਦਿਨ ਬਾਅਦ ਜਾਰੀ ਕੀਤਾ ਗਿਆ ਹੈ।
ਟਰਾਂਸਪੋਰਟ ਵਿਭਾਗ ਨੇ ਬੈਰਵਾ ਦੇ ਬੇਟੇ ’ਤੇ ਗੱਡੀ ’ਚ ਅਣਅਧਿਕਾਰਤ ਸੋਧ ਕਰਨ ਲਈ 5,000 ਰੁਪਏ, ਸੀਟ ਬੈਲਟ ਨਾ ਪਹਿਨਣ ’ਤੇ 1,000 ਰੁਪਏ ਅਤੇ ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ’ਤੇ 1,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਗੱਡੀ ਦੇ ਮਾਲਕ ਪੁਸ਼ਪੇਂਦਰ ਭਾਰਦਵਾਜ ਦੇ ਬੇਟੇ ਨੂੰ ਵੀ 1 ਅਕਤੂਬਰ ਨੂੰ ਨੋਟਿਸ ਜਾਰੀ ਕਰ ਕੇ ਸੱਤ ਦਿਨਾਂ ਦੇ ਅੰਦਰ ਮੋਟਰ ਵਹੀਕਲ ਐਕਟ ਤਹਿਤ ਸਪੱਸ਼ਟੀਕਰਨ ਮੰਗਿਆ ਗਿਆ ਸੀ।
ਦਰਅਸਲ ਪਿਛਲੇ ਹਫਤੇ ਬੈਰਵਾ ਅਤੇ ਸਥਾਨਕ ਕਾਂਗਰਸੀ ਨੇਤਾ ਭਾਰਦਵਾਜ ਦੇ ਪੁੱਤਰਾਂ ਦੀ ਇਕ ਰੀਲ ਵਾਇਰਲ ਹੋਈ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ। ਇਸ ਰੀਲ ’ਚ ਭਾਰਦਵਾਜ ਦਾ ਬੇਟਾ ਅਤੇ ਦੋ ਲੋਕ ਬੈਰਵਾ ਦੇ ਬੇਟੇ ਦੇ ਨਾਲ ਗੱਡੀ ਦੀ ਅਗਲੀ ਸੀਟ ’ਤੇ ਬੈਠੇ ਨਜ਼ਰ ਆ ਰਹੇ ਹਨ। ਗੱਡੀ ਦੇ ਮਾਲਕ ਦੀ ਪਛਾਣ ਭਾਰਦਵਾਜ ਦੇ ਬੇਟੇ ਵਜੋਂ ਹੋਈ ਹੈ। ਰਾਜਸਥਾਨ ਸਰਕਾਰ ਦੀ ਇਕ ਗੱਡੀ ਜਿਸ ’ਤੇ ਪੁਲਿਸ ਦੀ ਬੱਤੀ ਲੱਗੀ ਹੋਈ ਸੀ, ਉਨ੍ਹਾਂ ਦਾ ਪਿੱਛਾ ਕਰ ਰਹੀ ਸੀ।
ਸੋਸ਼ਲ ਮੀਡੀਆ ’ਤੇ ਵੀਡੀਉ ਦੀ ਆਲੋਚਨਾ ਹੋਣ ਤੋਂ ਬਾਅਦ ਬੈਰਵਾ ਨੇ ਅਪਣੇ ਬੇਟੇ ਦਾ ਬਚਾਅ ਕਰਦਿਆਂ ਕਿਹਾ ਕਿ ਜਦੋਂ ਤੋਂ ਉਹ ਉਪ ਮੁੱਖ ਮੰਤਰੀ ਬਣੇ ਹਨ, ਉਨ੍ਹਾਂ ਦੇ ਬੇਟੇ ਨੂੰ ਅਮੀਰ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਲਗਜ਼ਰੀ ਕਾਰਾਂ ਵੇਖਣ ਦਾ ਮੌਕਾ ਮਿਲਿਆ ਹੈ।
ਬੈਰਵਾ ਨੇ ਕਿਹਾ, ‘‘ਮੇਰੇ ਬੇਟੇ ਦੇ ਸਕੂਲ ’ਚ ਬਹੁਤ ਸਾਰੇ ਬੱਚੇ ਉਸ ਦੇ ਦੋਸਤ ਹਨ। ਮੇਰੇ ਵਰਗੇ ਵਿਅਕਤੀ ਨੂੰ ਰਾਜਸਥਾਨ ਦਾ ਉਪ ਮੁੱਖ ਮੰਤਰੀ ਬਣਾਉਣ ਲਈ ਮੈਂ ਮਾਣਯੋਗ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਫਿਰ ਜੇ ਅਮੀਰ ਲੋਕ ਮੇਰੇ ਬੇਟੇ ਨੂੰ ਅਪਣੀਆਂ ਕਾਰਾਂ ਵਿਚ ਬੈਠਣ ਦੀ ਇਜਾਜ਼ਤ ਦਿੰਦੇ ਹਨ ਅਤੇ ਉਸ ਨੂੰ ਲਗਜ਼ਰੀ ਕਾਰਾਂ ਵੇਖਣ ਦਾ ਮੌਕਾ ਦਿੰਦੇ ਹਨ, ਤਾਂ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ।’’
ਉਸ ਨੇ ਸਪੱਸ਼ਟ ਕੀਤਾ ਕਿ ਉਸ ਦਾ ਬੇਟਾ ਕਾਨੂੰਨੀ ਡਰਾਈਵਿੰਗ ਦੀ ਉਮਰ ਤਕ ਨਹੀਂ ਪਹੁੰਚਿਆ ਹੈ ਅਤੇ ਉਸ ਨਾਲ ਜੋ ਗੱਡੀ ਹੈ ਉਹ ਸਿਰਫ਼ ਸੁਰੱਖਿਆ ਲਈ ਹੈ।ਹਾਲਾਂਕਿ, ਬੈਰਵਾ ਨੇ ਬਾਅਦ ’ਚ ਇਸ ਘਟਨਾ ’ਤੇ ਅਫਸੋਸ ਜ਼ਾਹਰ ਕੀਤਾ ਅਤੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਕਾਰਵਾਈਆਂ ਨਾਲ ਉਨ੍ਹਾਂ ਦੀ ਪਾਰਟੀ ਦਾ ਅਕਸ ਖਰਾਬ ਹੋਵੇ। ਉਨ੍ਹਾਂ ਕਿਹਾ, ‘‘ਉਹ ਇਕ ਬੱਚਾ ਹੈ, ਉਹ ਅਜੇ ਜਵਾਨ ਹੈ। ਮੈਂ ਉਸ ਨੂੰ ਸਲਾਹ ਦਿਤੀ ਹੈ ਕਿ ਉਹ ਦੁਬਾਰਾ ਅਜਿਹਾ ਵਿਵਹਾਰ ਨਾ ਕਰੇ।’’
ਉਸ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਉਸ ਕੋਲ ਕੋਈ ਗੱਡੀ ਨਹੀਂ ਹੈ ਅਤੇ ਪਰਵਾਰ ਕੋਲ ਉਸ ਦੀ ਪਤਨੀ ਦੇ ਨਾਮ ’ਤੇ ਸਿਰਫ ਇਕ ਜੀਪ ਰਜਿਸਟਰਡ ਹੈ। ਬੈਰਵਾ ਦੁਦੂ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕ ਹਨ।