ਗਾਂਧੀਵਾਦੀ ਢੰਗ ਨਾਲ ਸੰਘਰਸ਼ ਜਾਰੀ ਰੱਖੋ : ਵਾਂਗਚੁਕ
ਜੇਲ੍ਹ ’ਚ ਬੰਦ ਸੋਨਮ ਵਾਂਗਚੁਕ ਨੇ ਕਿਹਾ ਕਿ ਨਿਆਂਇਕ ਜਾਂਚ ਦੇ ਹੁਕਮ ਦਿਤੇ ਜਾਣ ਤਕ ਜੇਲ ਵਿਚ ਰਹਿਣ ਲਈ ਤਿਆਰ ਹਨ
ਲੇਹ : ਜੇਲ ’ਚ ਬੰਦ ਕਾਰਕੁਨ ਸੋਨਮ ਵਾਂਗਚੁਕ ਨੇ ਲੱਦਾਖ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਅਤੇ ਸੰਵਿਧਾਨ ਦੀ ਛੇਵੀਂ ਅਨੁਸੂਚੀ ਦੇ ਤਹਿਤ ਰਾਜ ਦਾ ਦਰਜਾ ਅਤੇ ਸੁਰੱਖਿਆ ਲਈ ਚੱਲ ਰਹੇ ਸੰਘਰਸ਼ ਨੂੰ ਸੱਚੇ ਗਾਂਧੀਵਾਦੀ ਤਰੀਕੇ ਨਾਲ ਅਹਿੰਸਾ ਦੇ ਤਰੀਕੇ ਨਾਲ ਜਾਰੀ ਰੱਖਣ।
ਵਾਂਗਚੁਕ ਨੇ ਇਹ ਸੰਦੇਸ਼ ਲੇਹ ਦੀ ਅਪੈਕਸ ਬਾਡੀ ਦੇ ਕਾਨੂੰਨੀ ਸਲਾਹਕਾਰ ਹਾਜੀ ਮੁਸਤਫਾ ਰਾਹੀਂ ਦਿਤਾ, ਜੋ ਸਨਿਚਰਵਾਰ ਨੂੰ ਰਾਜਸਥਾਨ ਦੀ ਜੋਧਪੁਰ ਜੇਲ ਵਿਚ ਕਾਰਕੁਨ ਦੇ ਵੱਡੇ ਭਰਾ ਕਾ ਸੇਤਨ ਦੋਰਜੇ ਲੇ ਨਾਲ ਮਿਲੇ ਸਨ।
ਵਾਂਗਚੁਕ ਨੇ ਕਿਹਾ, ‘‘ਜਦੋਂ ਤਕ 24 ਸਤੰਬਰ ਨੂੰ ਹੋਈ ਹਿੰਸਾ ਦੌਰਾਨ ਚਾਰ ਲੋਕਾਂ ਦੀ ਹੱਤਿਆ ਦੀ ਸੁਤੰਤਰ ਨਿਆਂਇਕ ਜਾਂਚ ਨਹੀਂ ਹੁੰਦੀ, ਮੈਂ ਜੇਲ ਵਿਚ ਰਹਿਣ ਲਈ ਤਿਆਰ ਹਾਂ।’’
ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਛੇਵੀਂ ਅਨੁਸੂਚੀ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਹੋਏ ਹਿੰਸਕ ਪ੍ਰਦਰਸ਼ਨਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ, ਜਿਸ ਤੋਂ ਦੋ ਦਿਨ ਬਾਅਦ ਉਨ੍ਹਾਂ ਨੂੰ ਸਖ਼ਤ ਕੌਮੀ ਸੁਰੱਖਿਆ ਐਕਟ (ਐਨ.ਐਸ.ਏ.) ਦੇ ਤਹਿਤ ਲੇਹ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਅਧਿਕਾਰੀਆਂ ਨੇ ਵਾਂਗਚੁਕ ਉਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ।
ਮੁਸਤਫਾ ਨੇ ਐਤਵਾਰ ਨੂੰ ਕਾਰਕੁੰਨ ਨਾਲ ਮੁਲਾਕਾਤ ਕਰਨ ਤੋਂ ਬਾਅਦ ‘ਐਕਸ’ ਅਤੇ ਫੇਸਬੁੱਕ ਸਮੇਤ ਅਪਣੇ ਨਿੱਜੀ ਸੋਸ਼ਲ ਮੀਡੀਆ ਅਕਾਊਂਟਸ ਉਤੇ ਵਾਂਗਚੁਕ ਦਾ ‘ਸੰਦੇਸ਼’ ਪੋਸਟ ਕੀਤਾ।
ਵਾਂਗਚੁਕ ਨੇ ਕਿਹਾ, ‘‘ਮੈਂ ਸਰੀਰਕ ਅਤੇ ਮਾਨਸਿਕ ਤੌਰ ਉਤੇ ਠੀਕ ਹਾਂ ਅਤੇ ਚਿੰਤਾ ਤੇ ਪ੍ਰਾਰਥਨਾਵਾਂ ਲਈ ਸਾਰਿਆਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਲੋਕਾਂ ਦੇ ਪਰਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ ਜਿਨ੍ਹਾਂ ਨੇ ਅਪਣੀ ਜਾਨ ਗੁਆ ਦਿਤੀ ਹੈ ਅਤੇ ਜ਼ਖਮੀ ਹੋਏ ਅਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਲਈ ਮੇਰੀ ਪ੍ਰਾਰਥਨਾ ਹੈ।’’
ਉਨ੍ਹਾਂ ਕਿਹਾ, ‘‘ਮੈਂ ਛੇਵੀਂ ਅਨੁਸੂਚੀ ਅਤੇ ਰਾਜ ਦਾ ਦਰਜਾ ਦੇਣ ਦੀ ਸਾਡੀ ਅਸਲ ਸੰਵਿਧਾਨਕ ਮੰਗ ਵਿਚ ਸਿਖਰਲੀ ਸੰਸਥਾ ਅਤੇ ਕੇ.ਡੀ.ਏ. ਅਤੇ ਲੱਦਾਖ ਦੇ ਲੋਕਾਂ ਦੇ ਨਾਲ ਮਜ਼ਬੂਤੀ ਨਾਲ ਖੜਾ ਹਾਂ ਅਤੇ ਲੱਦਾਖ ਦੇ ਹਿੱਤ ਵਿਚ ਸਿਖਰਲੀ ਸੰਸਥਾ ਜੋ ਵੀ ਕਾਰਵਾਈ ਕਰਦੀ ਹੈ, ਮੈਂ ਉਨ੍ਹਾਂ ਦੇ ਨਾਲ ਹਾਂ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਅਤੇ ਸ਼ਾਂਤੀਪੂਰਨ ਢੰਗ ਨਾਲ ਅਪਣਾ ਸੰਘਰਸ਼ ਜਾਰੀ ਰੱਖਣ।’’
ਲੱਦਾਖ ਪ੍ਰਸ਼ਾਸਨ ਨੇ ਹਿੰਸਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿਤੇ ਸਨ, ਪਰ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇ.ਡੀ.ਏ.) ਅਤੇ ਲੇਹ ਅਪੈਕਸ ਬਾਡੀ (ਐਲ.ਏ.ਬੀ.), ਜੋ ਅੰਦੋਲਨ ਦੀ ਅਗਵਾਈ ਕਰ ਰਹੇ ਹਨ, ਨੇ 6 ਅਕਤੂਬਰ ਨੂੰ ਹੋਣ ਵਾਲੀ ਕੇਂਦਰ ਨਾਲ ਗੱਲਬਾਤ ਤੋਂ ਦੂਰ ਰਹਿਣ ਦਾ ਫੈਸਲਾ ਕੀਤਾ ਹੈ, ਜਦੋਂ ਤਕ ਨਿਆਂਇਕ ਜਾਂਚ ਦੇ ਹੁਕਮ ਨਹੀਂ ਦਿਤੇ ਜਾਂਦੇ ਅਤੇ ਵਾਂਗਚੁਕ ਸਮੇਤ ਹਿਰਾਸਤ ਵਿਚ ਲਏ ਗਏ ਸਾਰੇ ਲੋਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ।