ਬੈਂਕ ਚੈੱਕ ਉੱਤੇ ਅੰਗਰੇਜ਼ੀ ਦੇ ਸ਼ਬਦ ਗਲਤ ਲਿਖਣ ਕਾਰਨ ਸਕੂਲ ਅਧਿਆਪਕ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੈੱਕ ’ਤੇ ਲਿਖੀ ਰਕਮ ਦੇ ਸ਼ਬਦਾਂ ’ਚ ਕਾਫ਼ੀ ਗ਼ਲਤੀਆਂ ਸਨ

School teacher suspended for misspelling English words on bank cheque

ਸ਼ਿਮਲਾ: ਸਿਰਮੌਰ ਜ਼ਿਲ੍ਹੇ ਦੇ ਇਕ ਸਰਕਾਰੀ ਸਕੂਲ ਅਧਿਆਪਕ ਵਲੋਂ ਜਾਰੀ ਕੀਤੇ ਇਕ ਚੈੱਕ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋਣ ਮਗਰੋਂ ਉਸ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਦਰਅਸਲ ਉਸ ਵਲੋਂ ਚੈੱਕ ਉਤੇ ਜਿਸ ਰਕਮ ਨੂੰ ਲਿਖਿਆ ਗਿਆ ਸੀ ਉਸ ਦੇ ਸ਼ਬਦਾਂ ’ਚ ਕਾਫ਼ੀ ਗ਼ਲਤੀਆਂ ਸਨ, ਜਿਸ ਨਾਲ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਮਿਆਰ ਬਾਰੇ ਚਿੰਤਾ ਪੈਦਾ ਹੋ ਗਈ ਹੈ।

ਇਹ ਕਾਰਵਾਈ ਸਕੂਲ ਸਿੱਖਿਆ ਡਾਇਰੈਕਟੋਰੇਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਡਰਾਇੰਗ ਅਧਿਆਪਕ ਅਤਰ ਸਿੰਘ ਵਿਰੁਧ ਕੀਤੀ ਗਈ ਹੈ। 25 ਸਤੰਬਰ ਨੂੰ ਜਾਰੀ ਕੀਤਾ ਗਿਆ 7,616 ਰੁਪਏ ਦਾ ਚੈੱਕ ਗਲਤੀਆਂ ਕਾਰਨ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਸੀ, ਜਿਸ ਨੂੰ ਸ਼ਬਦਾਂ ਵਿਚ "Saven Thursday Six Harendra Sixtey" ਲਿਖਿਆ ਗਿਆ ਸੀ। ਲੋਕਾਂ ਨੇ ਇਸ ਦਾ ਖ਼ੂਬ ਮਜ਼ਾਕ ਉਡਾਇਆ ਸੀ।

ਅਧਿਕਾਰੀਆਂ ਨੇ ਦਸਿਆ ਕਿ ਇਸ ਦਾ ਨੋਟਿਸ ਲੈਂਦਿਆਂ ਡਾਇਰੈਕਟੋਰੇਟ ਨੇ ਸਕੂਲ ਦੇ ਪ੍ਰਿੰਸੀਪਲ, ਸਬੰਧਤ ਅਧਿਆਪਕ ਅਤੇ ਇਸ ਗਲਤੀ ਲਈ ਜ਼ਿੰਮੇਵਾਰ ਅਧਿਕਾਰੀਆਂ ਤੋਂ ਵਿਸਥਾਰਪੂਰਵਕ ਸਪੱਸ਼ਟੀਕਰਨ ਮੰਗਿਆ ਹੈ। ਪ੍ਰਿੰਸੀਪਲ ਅਤੇ ਅਧਿਆਪਕ ਨੂੰ ਸਨਿਚਰਵਾਰ ਨੂੰ ਸਕੂਲ ਸਿੱਖਿਆ ਡਾਇਰੈਕਟਰ ਆਸ਼ੀਸ਼ ਕੋਹਲੀ ਦੇ ਸਾਹਮਣੇ ਵਿਅਕਤੀਗਤ ਤੌਰ ਉਤੇ ਪੇਸ਼ ਹੋਣ ਲਈ ਕਿਹਾ ਗਿਆ ਸੀ।

ਸੁਣਵਾਈ ਦੌਰਾਨ, ਅਤਰ ਸਿੰਘ ਨੇ ਮੰਨਿਆ ਕਿ ਉਸ ਨੇ ਅਣਜਾਣੇ ਵਿਚ ਗਲਤੀ ਕਰ ਦਿਤੀ ਸੀ, ਜਿਸ ਨੂੰ ਡਾਇਰੈਕਟਰ ਨੇ ਮਨਜ਼ੂਰ ਨਹੀਂ ਕੀਤਾ। ਕੋਹਲੀ ਨੇ ਚਿਤਾਵਨੀ ਦਿਤੀ ਕਿ ਲਾਪਰਵਾਹੀ ਜਾਂ ਸਰਕਾਰੀ ਜ਼ਿੰਮੇਵਾਰੀਆਂ ਪ੍ਰਤੀ ਅਣਦੇਖੀ ਕਰਨ ਵਾਲੀ ਕੋਈ ਵੀ ਕਾਰਵਾਈ ਜੋ ਵਿਭਾਗ ਦੇ ਅਕਸ ਨੂੰ ਖਰਾਬ ਕਰ ਸਕਦੀ ਹੈ, ਵਿਰੁਧ ਨਿਯਮਾਂ ਅਨੁਸਾਰ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਡਾਇਰੈਕਟੋਰੇਟ ਨੇ ਡਿਪਟੀ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ), ਸਿਰਮੌਰ ਨੂੰ ਉਕਤ ਅਧਿਆਪਕ ਵਿਰੁਧ ਕੇਂਦਰੀ ਸਿਵਲ ਸੇਵਾਵਾਂ (ਵਰਗੀਕਰਣ, ਨਿਯੰਤਰਣ ਅਤੇ ਅਪੀਲ) ਨਿਯਮ, 1965 ਤਹਿਤ ਅਨੁਸ਼ਾਸਨੀ ਕਾਰਵਾਈ ਕਰਨ ਅਤੇ ਇਸ ਡਾਇਰੈਕਟੋਰੇਟ ਨੂੰ ਜਲਦੀ ਤੋਂ ਜਲਦੀ ਕਾਰਵਾਈ ਦੀ ਰਿਪੋਰਟ ਸੌਂਪਣ ਦੇ ਹੁਕਮ ਦਿਤੇ। ਡਾਇਰੈਕਟੋਰੇਟ ਨੇ ਜ਼ੋਰ ਦੇ ਕੇ ਕਿਹਾ ਕਿ ਵਿੱਤੀ ਮਾਮਲਿਆਂ ਸਮੇਤ ਸਰਕਾਰੀ ਦਸਤਾਵੇਜ਼ ਤਿਆਰ ਕਰਨ ਅਤੇ ਜਾਰੀ ਕਰਦੇ ਸਮੇਂ ਸ਼ੁੱਧਤਾ, ਜ਼ਿੰਮੇਵਾਰੀ ਅਤੇ ਪ੍ਰਸ਼ਾਸਨਿਕ ਉਚਿੱਤਤਾ ਦੇ ਉੱਚਤਮ ਮਾਪਦੰਡਾਂ ਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।