ਸ੍ਰੀਨਗਰ: ਜੰਮੂ-ਕਸ਼ਮੀਰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਅਤਿਵਾਦੀਆਂ ਦੇ ਮਦਦਗਾਰ ਮੁਹੰਮਦ ਯੂਸਫ ਕਟਾਰੀ ਨੇ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ’ਚ ਸ਼ਾਮਲ ਅਤਿਵਾਦੀਆਂ ਨਾਲ ਚਾਰ ਵਾਰ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਫੋਨ ਚਾਰਜਰ ਸੌਂਪਿਆ ਸੀ। 26 ਸਾਲ ਦੇ ਕਟਾਰੀ ਨੂੰ ਸਤੰਬਰ ਦੇ ਆਖਰੀ ਹਫ਼ਤੇ ਵਿਚ ਸੁਲੇਮਾਨ ਉਰਫ ਆਸਿਫ, ਜਿਬਰਾਨ ਅਤੇ ਹਮਜ਼ਾ ਅਫਗਾਨੀ ਨੂੰ ਕਥਿਤ ਤੌਰ ਉਤੇ ਮਹੱਤਵਪੂਰਨ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੇ ਪਹਿਲਗਾਮ ਦੇ ਰਿਜੋਰਟ ਕਸਬੇ ਵਿਚ 26 ਲੋਕਾਂ ਨੂੰ ਗੋਲੀ ਮਾਰ ਦਿਤੀ ਸੀ।
ਅਧਿਕਾਰੀਆਂ ਨੇ ਦਸਿਆ ਕਿ ਕਟਾਰੀ ਨੇ ਪੁੱਛ-ਪੜਤਾਲ ਦੌਰਾਨ ਪੁਲਿਸ ਨੂੰ ਦਸਿਆ ਗਿਆ ਸੀ ਕਿ ਉਹ ਸ਼੍ਰੀਨਗਰ ਸ਼ਹਿਰ ਦੇ ਬਾਹਰ ਜ਼ਬਰਵਾਨ ਪਹਾੜੀਆਂ ’ਚ ਚਾਰ ਵਾਰ ਤਿੰਨਾਂ ਨੂੰ ਮਿਲਿਆ ਸੀ। ਉਸ ਦੀ ਗ੍ਰਿਫਤਾਰੀ ਹਫ਼ਤਿਆਂ ਦੀ ਜਾਂਚ ਦੇ ਬਾਅਦ ਹੋਈ ਹੈ। ਇਹ ਸਫਲਤਾ ਜੁਲਾਈ ਵਿਚ ਸ਼ੁਰੂ ਕੀਤੇ ਗਏ ਅਤਿਵਾਦ ਵਿਰੋਧੀ ਮੁਹਿੰਮ ਆਪ੍ਰੇਸ਼ਨ ਮਹਾਦੇਵ ਦੇ ਸਥਾਨ ਤੋਂ ਬਰਾਮਦ ਕੀਤੀ ਗਈ ਸਮੱਗਰੀ ਦੇ ਡੂੰਘਾਈ ਨਾਲ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਆਈ ਹੈ, ਜਿਸ ਦੇ ਨਤੀਜੇ ਵਜੋਂ ਪਹਿਲਗਾਮ ਕਤਲੇਆਮ ਵਿਚ ਸ਼ਾਮਲ ਤਿੰਨ ਅਤਿਵਾਦੀ ਸ੍ਰੀਨਗਰ ਦੇ ਬਾਹਰਵਾਰ ਜਬਰਵਾਨ ਰੇਂਜ ਦੇ ਤਲਹੱਟੀ ਵਿਚ ਮਾਰੇ ਗਏ ਸਨ।
ਪੁਲਿਸ ਨੂੰ ਕਟਾਰੀ ਦਾ ਪਤਾ ਅੰਸ਼ਕ ਤੌਰ ਉਤੇ ਨਸ਼ਟ ਹੋਏ ਐਂਡਰਾਇਡ ਮੋਬਾਈਲ ਫੋਨ ਚਾਰਜਰ ਦੀ ਜਾਂਚ ਕਰਨ ਤੋਂ ਬਾਅਦ ਲੱਗਾ, ਜੋ ਕਿ ਕਾਰਵਾਈ ਦੌਰਾਨ ਬਰਾਮਦ ਕੀਤੀਆਂ ਗਈਆਂ ਕਈ ਚੀਜ਼ਾਂ ’ਚੋਂ ਇਕ ਹੈ। ਸ੍ਰੀਨਗਰ ਪੁਲਿਸ ਨੇ ਚਾਰਜਰ ਦੇ ਅਸਲ ਮਾਲਕ ਦਾ ਪਤਾ ਲਗਾ ਲਿਆ, ਜਿਸ ਨੇ ਫੋਨ ਨੂੰ ਇਕ ਡੀਲਰ ਨੂੰ ਵੇਚਣ ਦੀ ਪੁਸ਼ਟੀ ਕੀਤੀ, ਇਸੇ ਤਰ੍ਹਾਂ ਜਾਂਚ ਕਰਦਿਆਂ ਪੁਲਿਸ ਕਟਾਰੀ ਤਕ ਪਹੁੰਚੀ।
ਅਧਿਕਾਰੀਆਂ ਨੇ ਦਸਿਆ ਕਿ ਕਟਾਰੀ, ਜੋ ਕਥਿਤ ਤੌਰ ਉਤੇ ਪਹਾੜੀ ਇਲਾਕਿਆਂ ਵਿਚ ਖਾਨਾਬਦੋਸ਼ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਸੀ, ਅਤਿਵਾਦੀ ਸਮੂਹ ਲਈ ਇਕ ਮਹੱਤਵਪੂਰਣ ਸਰੋਤ ਸੀ। ਮੰਨਿਆ ਜਾਂਦਾ ਹੈ ਕਿ ਉਸ ਨੇ ਚਾਰਜਰ ਦੇ ਕੇ ਅਤੇ ਹਮਲਾਵਰਾਂ ਨੂੰ ਮੁਸ਼ਕਲ ਖੇਤਰ ਵਿਚ ਮਾਰਗ ਦਰਸ਼ਨ ਕਰ ਕੇ ਉਨ੍ਹਾਂ ਦੀ ਮਦਦ ਕੀਤੀ। ਅਤਿਵਾਦੀ ਸੁਲੇਮਾਨ ਉਰਫ ਆਸਿਫ (ਪਹਿਲਗਾਮ ਹਮਲੇ ਦਾ ਮੁੱਖ ਸਾਜ਼ਸ਼ਕਰਤਾ), ਜਿਬਰਾਨ (ਅਕਤੂਬਰ 2024 ਦੇ ਸੋਨਮਰਗ ਸੁਰੰਗ ਹਮਲੇ ਨਾਲ ਸਬੰਧਤ) ਅਤੇ ਹਮਜ਼ਾ ਅਫਗਾਨੀ 29 ਜੁਲਾਈ ਨੂੰ ਆਪ੍ਰੇਸ਼ਨ ਮਹਾਦੇਵ ਦੇ ਤਹਿਤ ਹੋਏ ਮੁਕਾਬਲੇ ਵਿਚ ਮਾਰੇ ਗਏ ਸਨ।